logo

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟੜਾ ਕੌੜਾ ਵਿਖੇ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ

ਸਰਦਾਰ ਬਿੰਦਰ ਸਿੰਘ ਜਰਮਨੀ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਸਰਦਾਰ ਹਰਿਮੰਦਰ ਸਿੰਘ ਬਰਾੜ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਤੇ ਰਿਟਾਇਰਡ ਬੀਪੀਈਓ , ਨਵੀਂ ਅਤੇ ਪੁਰਾਣੀ ਪੰਚਾਇਤ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

03 ਅਪ੍ਰੈਲ (ਗਗਨਦੀਪ ਸਿੰਘ) ਕੋਟੜਾ ਕੌੜਾ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟੜਾ ਕੌੜਾ ਵਿਖੇ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਰਦਾਰ ਬਿੰਦਰ ਸਿੰਘ ਜਰਮਨੀ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਭਾਰਤ ਸਕਾਊਟਸ ਐਂਡ ਗਾਈਡਜ਼ ਕੱਬ ਬੁਲਬਲ ਯੂਨਿਟ ਦੀ ਬੈਂਡ ਟੀਮ ਨੇ ਆਏ ਹੋਏ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਜੀ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਸਭ ਤੋਂ ਪਹਿਲਾਂ ਸਕੂਲ ਦੀਆਂ ਨੰਨੀਆਂ ਮੁੰਨੀਆਂ ਬੱਚੀਆਂ ਨੇ ਆਏ ਹੋਏ ਮਹਿਮਾਨਾਂ ਦਾ ਇੱਕ ਗੀਤ ਰਾਹੀਂ ਸਵਾਗਤ ਕੀਤਾ ਅਤੇ ਜੀ ਆਇਆਂ ਆਖਿਆ। ਏਕਮ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਕਵੀਸ਼ਰੀ ਰਾਹੀਂ ਕੀਤੀ। ਪ੍ਰੀ ਪ੍ਰਾਇਮਰੀ ਦੇ ਨਨੇ ਮੁੰਨੇ ਕਲਾਕਾਰਾਂ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਸਭ ਦਾ ਮਨ ਮੋਹਿਆ। ਪ੍ਰੋਗਰਾਮ ਵਿੱਚ ਪੰਜਾਬੀ ਲੋਕ ਗੀਤ, ਲੋਕ ਨਾਚ ਕਵਿਤਾਵਾਂ, ਹਰਿਆਣਵੀ ਡਾਂਸ ਅਤੇ ਸਕਿਟ ਪੇਸ਼ ਕਰਕੇ ਬੱਚਿਆਂ ਨੇ ਖੂਬ ਰੰਗ ਬੰਨਿਆ। ਸਾਰੀਆਂ ਹੀ ਪੇਸ਼ਕਾਰੀਆਂ ਬਾ ਕਮਾਲ ਸਨ। ਜੈਸਮੀਨ ਕੌਰ ਨੇ ਆਪਣੇ ਭਾਸ਼ਣ ਰਾਹੀਂ ਸਭ ਨੂੰ ਸਿੱਖਿਆ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਬਾਬਲ ਦਾ ਵਿਹੜਾ ਕੋਰੀਓਗ੍ਰਾਫੀ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਪ੍ਰੋਗਰਾਮ ਦੇ ਅਖੀਰ ਵਿੱਚ ਨੰਨੀਆਂ ਮੁੰਨੀਆਂ ਬੱਚੀਆਂ ਨੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕਰਕੇ ਖੂਬ ਰੰਗ ਬੰਨਿਆ ਅਤੇ ਆਏ ਹੋਏ ਮਹਿਮਾਨਾਂ ਨੇ ਬੱਚਿਆਂ ਦੀ ਭਰਪੂਰ ਸ਼ਲਾਂਘਾ ਕੀਤੀ।

ਸਰਦਾਰ ਹਰਮਿੰਦਰ ਸਿੰਘ ਬਰਾੜ ਸਾਬਕਾ ਬੀਪੀਈਓ ਜੀ ਨੇ ਆਪਣੇ ਭਾਸ਼ਣ ਵਿੱਚ ਆਪਣੇ ਕਾਰਜ ਕਾਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਉਹਨਾਂ ਹਾਜ਼ਰ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਬਿਹਤਰੀਨ ਸਿੱਖਿਆ ਅਤੇ ਸਹੂਲਤਾਂ ਬਾਰੇ ਜਾਣੂ ਕਰਵਾਇਆ ਅਤੇ ਵੱਧ ਤੋਂ ਵੱਧ ਬੱਚੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦੀ ਅਪੀਲ ਕੀਤੀ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਪੜ੍ਹਾਈ ਦੇ ਨਾਲ -ਨਾਲ ਬੱਚਿਆਂ ਦੀ ਸਿਹਤ ਦਾ ਵੀ ਪੂਰਾ ਖਿਆਲ ਰੱਖਣ। ਉਹਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਦੀ ਬਿਹਤਰੀ ਲਈ 5100 ਰੁਪਏ ਦਾਨ ਵਜੋਂ ਦਿੱਤੇ। ਸਕੂਲ ਮੁਖੀ ਮੈਡਮ ਮੰਜੂ ਬਾਲਾ ਜੀ ਵੱਲੋਂ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਵੱਖ-ਵੱਖ ਸਮੇਂ ਤੇ ਸਕੂਲ ਨੂੰ ਦਾਨ ਦੇਣ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਿੰਡ ਦੀ ਨਵੀਂ ਚੁਣੀ ਗਈ ਪੰਚਾਇਤ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸਰਪੰਚ ਅਮਰਦੀਪ ਕੌਰ ਭੁੱਲਰ ਨੇ ਵਿਸ਼ਵਾਸ ਦਵਾਇਆ ਕਿ ਸਾਡੀ ਪੰਚਾਇਤ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਕਰਦੀ ਰਹੇਗੀ। ਕਰਮਪਾਲ ਸਿੰਘ ਸਮਾਜ ਸੇਵੀ ਜੀ ਵੱਲੋਂ ਸਕੂਲ ਸਟਾਫ ਦੀ ਸਲਾਂਘਾ ਕੀਤੀ ਅਤੇ ਆਪਣੀ ਕਿਰਤ ਕਮਾਈ ਵਿੱਚੋਂ ਸਕੂਲ ਲਈ 11000 ਰੁਪਏ ਦਾਨ ਵਜੋਂ ਦਿੱਤੇ। ਉਹਨਾਂ ਨੇ ਸੈਸ਼ਨ ਦੌਰਾਨ ਪੜ੍ਹਾਈ ਅਤੇ ਹੋਰ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਰਦਾਰ ਨਰਭੈ ਸਿੰਘ ਭੁੱਲਰ ਜਿਲ੍ਹਾ ਕੁਆਡੀਨੇਟਰ ਸਮਾਰਟ ਸਕੂਲ ਨੇ ਵੀ ਹਾਜ਼ਰੀ ਲਗਵਾਈ ਉਨਾਂ ਨੇ ਆਪਣੇ ਸੰਬੋਧਨ ਦੌਰਾਨ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਸਕੂਲ ਲਈ ਹੋਰ ਵਧੀਆ ਕੰਮ ਕੀਤੇ ਜਾਣਗੇ। ਉਹਨਾਂ ਵੱਲੋਂ ਸਕੂਲ ਲਈ 2100 ਦਾਨ ਵਜੋਂ ਦਿੱਤੇ। ਇਸ ਦੇ ਨਾਲ ਹੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਾਬਕਾ ਸਰਪੰਚ ਸਰਦਾਰ ਗਿਆਨ ਸਿੰਘ ਜੀ ਨੇ ਪ੍ਰੋਗਰਾਮ ਦੀ ਭਰਪੂਰ ਸ਼ਲਾਂਘਾ ਕੀਤੀ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਲਈ 3100 ਰੁਪਏ ਆਪਣੀ ਕਿਰਤ ਕਮਾਈ ਵਿੱਚੋਂ ਦਾਨ ਰਾਸ਼ੀ ਦਿੱਤੀ। ਇਸ ਤੋਂ ਇਲਾਵਾ ਸਰਦਾਰ ਧੰਨਾ ਸਿੰਘ ਮੈਂਬਰ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਹੋਰ ਏਸੀ ਦਾਨ ਵਜੋਂ ਦਿੱਤਾ। ਸਰਦਾਰ ਗੁਰਪ੍ਰੀਤ ਸਿੰਘ ਤੋਹਲੋ ਕੇ ਪਰਿਵਾਰ ਵੱਲੋਂ ਵੀ ਆਪਣੇ ਬੱਚੇ ਦੀ ਯਾਦ ਵਿੱਚ ਇੱਕ ਸਪਿਲਟ ਏ ਸੀ ਦਾਨ ਵਜੋਂ ਦੇਣ ਦੀ ਪੇਸ਼ਕਸ਼ ਕੀਤੀ।

0
43 views