
ਮਾਮਲਾ ਲੰਗਰ ਚੋਂ ਖੀਰ ਦੀਆਂ ਦੋ ਕਟੋਰੀਆਂ ਮੰਗਣ ਤੇ, ਮਹਿਲਾਵਾਂ ਤੇ ਬੱਚਿਆਂ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ ਦਾ,
ਮੋਹਾਲੀ ਫੇਸ 11 ਵਿੱਚ ਸਥਿਤ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ, ਕਮੇਟੀ ਮੈਂਬਰਾਂ ਨੇ ਲੰਗਰ ਬਣਾਉਣ ਆਈਆਂ ਮਹਿਲਾਵਾਂ ਅਤੇ, ਉਹਨਾਂ ਦੇ ਬੱਚਿਆਂ ਦੀ ਕੀਤੀ ਕੁੱਟਮਾਰ,
ਮੋਹਾਲੀ, 20 ਅਪ੍ਰੈਲ: ਗੁਰੂ ਸਾਹਿਬਾਨਾਂ ਦੁਆਰਾ ਲੰਗਰ ਦੀ ਚਲਾਈ ਪ੍ਰਥਾ ਅੱਜ ਪੂਰੀ ਦੁਨੀਆਂ ਵਿੱਚ ਪ੍ਰਚਲਤ ਅਤੇ ਪ੍ਰਸਿੱਧ ਹੈ। ਸਿੱਖ ਸੰਗਤਾਂ ਵੱਲੋਂ ਹਰ ਗਮੀ ਖੁਸ਼ੀ ਦੇ ਪ੍ਰੋਗਰਾਮਾਂ ਜਾਂ ਗੁਰਪੁਰਬਾਂ ਉੱਤੇ ਵੱਡੇ ਵੱਡੇ ਲੰਗਰ ਲਗਾਏ ਜਾਂਦੇ ਹਨ ਤੇ ਸੰਗਤਾਂ ਗੁਰੂ ਕੇ ਅਤੁਟ ਲੰਗਰ ਛਕਦੀਆਂ ਹਨ। ਪਰ ਮੋਹਾਲੀ ਦੇ ਫੇਸ 11 ਦੇ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਉੱਥੇ ਲੰਗਰ ਪਕਾਉਣ ਗਈਆਂ ਦੋ ਮਹਿਲਾਵਾਂ ਸੋਨੀਆ ਰਾਣੀ ਅਤੇ ਸਰੋਜ ਰਾਣੀ ਦੀ ਖੀਰ ਦੀਆਂ ਦੋ ਕਟੋਰੀਆਂ ਮੰਗਣ ਤੇ ਕੁੱਟਮਾਰ ਕੀਤੀ ਗਈ, ਮੋਬਾਇਲ ਖੋਹ ਲਿਆ ਗਿਆ, ਨਾਲ ਆਏ ਬੱਚਿਆਂ ਨੂੰ ਵੀ ਕੁੱਟਿਆ ਗਿਆ ਤੇ ਉਹਨਾਂ ਦੀ ਬਣਦੀ ਦਿਹਾੜੀ ਦੇ ਪੈਸੇ ਵੀ ਨਹੀਂ ਦਿੱਤੇ ਗਏ। ਦੋਨੋਂ ਬੱਚਿਆਂ ਤੇ ਇੱਕ ਮਹਿਲਾ ਨੂੰ ਗੁਰਦੁਆਰਾ ਸਾਹਿਬ ਵਿੱਚ ਬੰਦ ਕਰ ਲਿਆ। ਇੱਕ ਮਹਿਲਾ ਨੇ ਕਿਸੇ ਤਰ੍ਹਾਂ ਬਾਹਰ ਆ ਕੇ ਐਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੂੰ ਸੂਚਿਤ ਕੀਤਾ। ਸ. ਕੁੰਭੜਾ ਨੇ ਬੜੀ ਮਸ਼ੱਕਤ ਨਾਲ ਮਹਿਲਾਵਾਂ ਤੇ ਬੱਚਿਆਂ ਨੂੰ ਆਜ਼ਾਦ ਕਰਵਾਇਆ ਤੇ ਪੀਸੀਆਰ ਦੇ ਮੌਕੇ ਤੇ ਪਹੁੰਚਣ ਤੇ ਥਾਣਾ ਫੇਸ 11 'ਚ ਜਾਕੇ ਕਮੇਟੀ ਪ੍ਰਧਾਨ ਅਤੇ ਮੈਂਬਰਾਂ ਦੀ ਸ਼ਿਕਾਇਤ (734/20.04.2025) ਦਰਜ ਕਰਵਾਈ। ਪੁਲਿਸ ਨੇ ਵੀ ਸ਼ਿਕਾਇਤ ਦਰਜ ਕਰਕੇ ਤਫਤੀਸ਼ ਲਈ ਏਐਸਆਈ ਹਰਨੇਕ ਸਿੰਘ ਦੀ ਡਿਊਟੀ ਲਗਾਈ।
ਇੱਥੇ ਇਹ ਦੱਸਣ ਯੋਗ ਹੈ ਕਿ ਇਹਨਾਂ ਵਿੱਚੋਂ ਇੱਕ ਮਹਿਲਾ ਸੋਨੀਆ ਰਾਣੀ ਛੇ ਮਹੀਨੇ ਪਹਿਲਾਂ ਪਿੰਡ ਕੁੰਭੜਾ ਵਿੱਚ ਪ੍ਰਵਾਸੀਆਂ ਹੱਥੋਂ ਬੇਰਹਿਮੀ ਨਾਲ ਕਤਲ ਹੋਏ ਦੋ ਨੌਜਵਾਨਾਂ ਚੋਂ ਇਕ ਦਮਨਪ੍ਰੀਤ ਦੀ ਮਾਤਾ ਹੈ ਤੇ ਦੋਨੋਂ ਬੱਚੀਆਂ ਉਸ ਦੀਆਂ ਸਕੀਆਂ ਭੈਣਾਂ ਹਨ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਨਾਂ ਮਜਬੂਰ ਔਰਤਾਂ ਨੂੰ ਦੋ ਕਟੋਰੀਆਂ ਖੀਰ ਬਦਲੇ ਗੁਰਦੁਆਰਾ ਸਾਹਿਬ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਦਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਮੂਹ ਸੰਗਤ ਲਈ ਲੰਗਰ ਦੀ ਪ੍ਰਥਾ ਚਲਾਈ ਹੈ। ਇਸ ਘਟਨਾ ਨੇ ਸਿੱਖ ਸੰਗਤਾਂ ਦੇ ਹਿਰਦਿਆਂ ਤੇ ਗਹਿਰਾ ਅਸਰ ਕੀਤਾ ਹੈ। ਅਸੀਂ ਐਸਐਸਪੀ ਮੋਹਾਲੀ ਤੋਂ ਮੰਗ ਕਰਦੇ ਹਾਂ ਕਿ ਕਮੇਟੀ ਮੈਂਬਰਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।