
ਐਸਕੇਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਮੰਗ ਪੱਤਰ
ਗੁਰਦਾਸਪੁਰ 2 ਮਈ ( ਐੱਸ ਕੇ ਮਹਾਜਨ ) ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਵੱਲੋਂ ਅੱਜ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਪ੍ਰਧਾਨ ਸ਼ਮਸ਼ੇਰ ਸਿੰਘ ਅਠਵਾਲ,ਪ੍ਰਧਾਨ ਨਰਿੰਦਰ ਸਿੰਘ ਕੋਟਲਾ ਬਾਮਾ ਅਤੇ ਪ੍ਰਧਾਨ ਹਰਦੇਵ ਸਿੰਘ ਚਿੱਟੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਖੇ ਧਰਨਾ ਦੇਣ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਕਿਸਾਨਾਂ ਦੀਆਂ ਤੁਰੰਤ ਪੂਰੀਆਂ ਕੀਤੀਆਂ ਜਾਣ ਵਾਲੀਆਂ ਮੰਗਾਂ ਵੱਲ ਧਿਆਨ ਦਵਾਇਆ।
ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਗੜੇਮਾਰੀ ਕਾਰਨ ਕਣਕ ਸਬਜ਼ੀਆਂ ਅਤੇ ਚਾਰੇ ਦੀਆਂ ਫਸਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਸੂਬੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਹਜ਼ਾਰਾਂ ਏਕੜ ਕਣਕ ਦੀ ਫਸਲ ਸੜ ਗਈ ਅਤੇ ਕਿਸਾਨਾਂ ਦਾ ਜਾਨੀ ਅਤੇ ਹੋਰ ਮਾਲੀ ਨੁਕਸਾਨ ਵੀ ਹੋਇਆ। ਕੁਝ ਥਾਵਾਂ ਉੱਤੇ ਕਰਨਾਲ ਬੰਟ ਨਾਮ ਦੀ ਬਿਮਾਰੀ ਨੇ ਕਣਕ ਦੀ ਫਸਲ ਦਾ ਨੁਕਸਾਨ ਕੀਤਾ। ਖੇਤੀ ਘਾਟੇਵੰਦਾ ਧੰਦਾ ਹੋਣ ਕਾਰਨ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਵਿੱਚੋਂ ਗੁਜਰ ਰਹੇ ਹਨ ਅਤੇ ਕਰਜੇ ਦੇ ਭਾਰੀ ਬੋਝ ਹੇਠ ਦੱਬੇ ਪਏ ਹਨ। ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਨੂੰ ਮੁੱਖ ਰੱਖਦਿਆਂ ਹੋਇਆਂ ਤੁਰੰਤ ਭਰਪਾਈ ਕੀਤੀ ਜਾਵੇ।
19-20 ਮਾਰਚ 2025 ਨੂੰ ਸੂਬਾ ਸਰਕਾਰ ਨੇ ਕਿਸਾਨਾਂ ਦੇ ਨਾਲ ਵਿਸ਼ਵਾਸਘਾਤ ਕਰਦਿਆਂ ਹੋਇਆਂ ਸ਼ੰਭੂ, ਖਨੌਰੀ ਅਤੇ ਪੰਜਾਬ ਦੇ ਹੋਰ ਵੱਖ ਵੱਖ ਥਾਵਾਂ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਖਦੇੜਨ ਸਮੇਂ ਉਹਨਾਂ ਦੇ ਸਮਾਨ ਦੇ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕੀਤੀ ਜਾਵੇ।
ਅੰਦੋਲਨਕਾਰੀਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲੇ ਅਤੇ ਕਿਸਾਨਾਂ ਦੀ ਕੁੱਟ ਮਾਰ ਕਰਨ ਵਾਲੇ ਅਧਿਕਾਰੀਆਂ, ਥਾਣਾ ਸ਼ੰਭੂ ਦੇ ਐਸਐਚਓ ਸਮੇਤ ਸਾਰੇ ਦੋਸ਼ੀ ਅਧਿਕਾਰੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਣਕ ਦੀ ਖਰੀਦ ਦੇ ਚਾਲੂ ਸੀਜਨ ਦੌਰਾਨ ਮੰਡੀਆਂ ਵਿੱਚ ਕਿਸਾਨ ਕੋਲੋਂ ਖਰਚਾ ਜੇ ਫਾਰਮ ਅਨੁਸਾਰ ਲਿਆ ਜਾਵੇ ਅਤੇ ਪ੍ਰਾਈਵੇਟ ਗੰਨਾ ਮਿੱਲਾਂ ਵੱਲ 61 ਰੁਪਏ ਪ੍ਰਤੀ ਕੁਇੰਟਲ ਬਕਾਇਆ ਰਾਸ਼ੀ ਜੋ ਸਰਕਾਰ ਨੇ ਅਦਾ ਕਰਨੀ ਸੀ ਸਮੇਤ ਸਹਿਕਾਰੀ ਮਿੱਲਾਂ ਵੱਲ ਰਹਿੰਦੀ ਬਕਾਇਆ ਰਾਸ਼ੀ ਤੁਰੰਤ ਕਿਸਾਨਾਂ ਨੂੰ ਜਾਰੀ ਕੀਤੀ ਜਾਵੇ।