ਚੌੜੇ ਅਤੇ ਡੁੰਘੇ ਟੋਏ ਕਾਰਨ ਪੀਕਅੱਪ ਜੀਪ ਅਤੇ ਘੋੜਾ ਟਰਾਲਾ ਭਿੜੇ, ਵਾਲ ਵਾਲ ਬਚੀਆਂ ਸਵਾਰੀਆਂ
ਤਲਵੰਡੀ ਸਾਬੋ, 22 ਜੂਨ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੀ ਵਪਾਰਕ ਮੰਡੀ ਰਾਮਾਂ ਮੰਡੀ ਦੇ ਰਾਮਸਰਾ ਰੇਲਵੇ ਫਾਟਕ ਦੇ ਐਨ ਨਾਲ ਬਣੇ ਟੋਏ ਕਾਰਨ ਅੱਜ ਸਵੇਰੇ ਦੋ ਦਰਜਨ ਦੇ ਕਰੀਬ ਸਵਾਰੀਆਂ ਨਾਲ ਭਰੀ ਇਕ ਪਿਕਅੱਪ ਜੀਪ ਅਤੇ ਘੋੜਾ ਟਰਾਲਾ ਆਪਸ ਵਿੱਚ ਭਿੜ ਗਏ ਇਸ ਹਾਦਸੇ ਵਿੱਚ ਸਵਾਰੀਆਂ ਵਾਲ ਵਾਲ ਬੱਚ ਗਈਆਂ। ਹਾਦਸੇ ਤੋਂ ਬਾਅਦ ਦੋਵੇਂ ਵਾਹਨ ਚਾਲਕ ਇੱਕ ਦੂਜੇ ਦੀ ਗਲਤੀ ਦੱਸਕੇ ਕਰੀਬ ਅੱਧਾ ਘੰਟਾ ਬਹਿਸਦੇ ਹੋਏ ਲੜਾਈ ਝਗੜਾ ਕਰਨ ਲੱਗੇ ਤਾਂ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਉਹਨਾਂ ਸਮਝਾਇਆ ਕਿ ਦੁਰਘਟਨਾ ਦਾ ਕਾਰਨ ਤੁਹਾਡੀ ਗਲਤੀ ਨਹੀਂ, ਸੜਕ ਤੇ ਬਣਿਆ ਡੁੰਘਾ ਅਤੇ ਚੌੜਾ ਖੱਡਾ ਹੈ। ਇਸ ਦੋਰਾਨ ਰੇਲਵੇ ਪੁਲਿਸ ਦਾ ਕੋਈ ਮੁਲਾਜ਼ਮ ਦੁਰਘਟਨਾ ਮੌਕੇ ਨਹੀਂ ਪਹੁੰਚਿਆ। ਲੋਕਾਂ ਨੇ ਕਿਹਾ ਕਿ ਸਬੰਧਤ ਵਿਭਾਗ ਟੋਏ ਦੁਰਘਟਨਾ ਤੋਂ ਪਹਿਲਾਂ ਭਰਣ ਦੀ ਬਜਾਏ ਜਾਨਲੇਵਾ ਹਾਦਸੇ ਤੋਂ ਬਾਅਦ ਮਰਨ ਵਾਲੇ ਵਿਅਕਤੀ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ ਤੋਂ ਬਾਅਦ ਭਰੇ ਜਾਂਦੇ ਹਨ। ਗੌਰਤਲਬ ਹੈ ਕਿ ਉਕਤ ਟੋਏ ਕਾਰਨ ਕਈ ਵਾਰ ਟਰੱਕ ਫਾਟਕਾਂ ਨਾਲ ਭਿੜ ਚੁੱਕੇ ਹਨ ਅਤੇ ਟਰੱਕਾਂ ਦਾ ਰੋਜ਼ਾਨਾ ਨੁਕਸਾਨ ਵੀ ਹੋ ਰਿਹਾ ਹੈ।