logo

ਅੰਤਰ ਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਆਯੋਜਿਤ ਨਸ਼ਾ ਛੱਡਣ ਵਾਲਿਆਂ ਨੂੰ ਕਰਵਾਏ ਜਾ ਰਹੇ ਹਨ ਕਿੱਤਾ ਮੁਖੀ ਕੋਰਸ ਡਿਪਟੀ ਕਮਿਸ਼ਨਰ


ਫ਼ਰੀਦਕੋਟ ,27 ਜੂਨ 2025 ( ਪ੍ਰਬੋਧ ਕੁਮਾਰ ) ਸਿਹਤ ਵਿਭਾਗ ਵੱਲੋਂ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਸਿਵਲ ਹਸਪਤਾਲ ਵਿਖੇ ਅੰਤਰ ਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਜਿਸ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸਮਾਗਮ ਦੀ ਪ੍ਰਧਾਨਗੀ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਕੀਤੀ।

ਇਸ ਮੌਕੇ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਕਿਸੇ ਵੀ ਨਸ਼ਾ ਕਰਨ ਵਾਲੇ ਬਿਮਾਰ ਵਿਅਕਤੀ ਨਾਲ ਕਿਸੇ ਵੀ ਕਿਸਮ ਦਾ ਵਿਤਕਰਾ ਜਾਂ ਘਿਰਣਾ ਨਹੀਂ ਕਰਨੀ ਚਾਹੀਦੀ ਸਗੋਂ ਉਸਦਾ ਸਹਿਯੋਗ ਕਰਕੇ ਉਸਨੂੰ ਹੌਂਸਲੇ ਨਾਲ, ਉਤਸ਼ਾਹਿਤ ਕਰਕੇ ਨਸ਼ਾ ਛੁਡਾਊ ਕੇਂਦਰ ਜਾਂ ਕਿਸੇ ਨੇੜੇ ਦੀ ਸਿਹਤ ਸੰਸਥਾ ਵਿੱਚ ਪਹੁੰਚਾਉਣ ਲਈ ਮਦਦ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਭਰ ਵਿੱਚ ਚੱਲ ਰਹੇ ਸਰਕਾਰੀ ਓਟ ਕੇਂਦਰ, ਨਸ਼ਾ ਛੁਡਾਊ ਕੇਂਦਰ ਅਤੇ ਮੁੜਵਸੇਬਾ ਕੇਂਦਰਾਂ ਨੂੰ ਸਫ਼ਲਤਾਪੂਰਵਕ ਢੰਗ ਨਾਲ਼ ਚਲਾਇਆ ਜਾ ਰਿਹਾ ਹੈ । ਇਨ੍ਹਾਂ ਕੇਂਦਰਾ ਵਿਚ ਮੁਫਤ ਇਲਾਜ ਦੇ ਨਾਲ ਨਾਲ ਮਾਹਿਰ ਕਾਊਂਸਲਰਾਂ ਅਤੇ ਮਨੋਰੋਗ ਮਾਹਿਰਾਂ ਵੱਲੋਂ ਉਨ੍ਹਾਂ ਦੀ ਕਾਊਂਸਲਿਂਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਨਸ਼ਾ ਛੱਡਣ ਲਈ ਮਾਨਸਿਕ ਤੌਰ ਤੇ ਵੀ ਮਜਬੂਤ ਹੋ ਸਕਣ। ਪੰਜਾਬ ਸਰਕਾਰ ਵਲੋਂ ਸੰਕਲਪ ਯੋਜਨਾਂ ਤਹਿਤ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਵਿਖੇ ਦਾਖਲ ਇੱਛੁਕ ਮਰੀਜ਼ਾਂ ਨੂੰ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾ ਰਹੇ ਹਨ ਤਾਂ ਜੋ ਉਹ ਸਿਹਤਮੰਦ ਹੋ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਅਤੇ ਖੁਸ਼ਹਾਲ ਜਿੰਦਗੀ ਬਤੀਤ ਕਰਨ।

ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਨਵੀਨ ਗੜਵਾਲ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸਾਰਿਆਂ ਨੂੰ ਨਸ਼ਾ ਵਿਰੋਧੀ ਸਹੁੰ ਚੁਕਵਾਈ ਅਤੇ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਸਮਾਜ ਵਿੱਚੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਵੱਖ-ਵੱਖ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਨਸ਼ਿਆਂ ਨਾਲ ਪੀੜਤ ਵਿਅਕਤੀ ਇੱਕ ਕਿਸਮ ਦਾ ਮਰੀਜ਼ ਹੁੰਦਾ ਹੈ ਜਿਸਨੂੰ ਕਿ ਇਲਾਜ ਦੀ ਸਖਤ ਜਰੂਰਤ ਹੁੰਦੀ ਹੈ ਅਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਸ ਨਾਲ ਵਿਤਕਰੇ ਦੀ ਥਾਂ ਤੇ ਪਿਆਰ ਅਤੇ ਅਪਣੱਤ ਦੀ ਭਾਵਨਾ ਨਾਲ ਉਸਨੂੰ ਇਸ ਸਮੱਸਿਆ ਵਿਚੋਂ ਕੱਢਣ ਦਾ ਯਤਨ ਕਰੇ।

ਸਮਾਗਮ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ ਵਿਸ਼ਵਦੀਪ ਗੋਇਲ ਨੇ ਕਿਹਾ ਕਿ ਸਿਹਤ ਵਿਭਾਗ ਅਧੀਨ ਚੱਲ ਰਹੇ ਡੀ ਐਡੀਕਸ਼ਨ ਪ੍ਰੋਗਰਾਮ ਵਿੱਚ ਸਹਿਯੋਗ ਦਿੱਤਾ ਜਾਵੇ। ਸਮਾਗਮ ਤੋਂ ਬਾਅਦ ਯੂਥ ਅਫੇਅਰ ਆਰਗੇਨਾਈਜੇਸ਼ਨ, ਅਰੋਗਿਆ ਭਾਰਤੀ ਦੇ ਬੈਨਰ ਹੇਠ ਵਲੰਟਰੀਆਂ ਅਤੇ ਨਰਸਿੰਗ ਵਿਦਿਆਰਥੀਆਂ ਨੇ ਹੱਥਾ ਵਿੱਚ ਨਸ਼ਾ ਵਿਰੋਧੀ ਸੁਨੇਹਾ ਦਿੰਦੀਆਂ ਤਖਤੀਆਂ ਪ੍ਰਦਰਸ਼ਿਤ ਕਰਦਿਆਂ ਇੱਕ ਰੈਲੀ ਵੀ ਕੱਢੀ ਜਿਸਨੂੰ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦਫਤਰ ਸਿਵਲ ਸਰਜਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।





ਇਸ ਮੌਕੇ ਡਰੱਗ ਡੀ ਐਡੀਕਸ਼ਨ ਪ੍ਰੋਗਰਾਮ ਦੀ ਕਾਊਂਸਲਰ ਮੈਡਮ ਮੋਨਿਕਾ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਉਣ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਕਾਉਂਸਲਰ ਗੁਰਸਾਹਿਬ ਸਿੰਘ ਨੇ ਸਿਹਤ ਵਿਭਾਗ ਅਧੀਨ ਸਫਲਤਾ ਪੂਰਵਕ ਚੱਲ ਰਹੇ ਨਸ਼ਾ ਛੁਡਾਊ ਕੇਂਦਰ, ਪੁਨਰਵਾਸ ਕੇਂਦਰ ਅਤੇ ਓਟ ਕਲੀਨਕਾਂ ਵਿੱਚ ਦਿੱਤੀਆਂ ਜਾ ਰਹੀਆਂ ਇਲਾਜ ਸੇਵਾਵਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਡਾ. ਨਿਰਮਲਜੀਤ ਸਿੰਘ ਬਰਾੜ ਸਹਾਇਕ ਸਿਵਲ ਸਰਜਨ, ਕਾਰਜਕਾਰੀ ਜਿਲ੍ਹਾ ਟੀਕਾਕਰਨ ਅਫਸਰ ਡਾ. ਸਰਵਦੀਪ ਸਿੰਘ ਰੋਮਾਣਾ, ਕਾਰਜਕਾਰੀ ਐਸ ਐਮ ਓ ਸਿਵਲ ਹਸਪਤਾਲ ਫਰੀਦਕੋਟ ਜੈਪ੍ਰੀਤ ਸਿੰਘ, ਕਾਰਜਕਾਰੀ ਐਸ ਐਮ ਓ ਬਲਾਕ ਜੰਡ ਸਾਹਿਬ ਡਾ. ਅਰਸ਼ਦੀਪ ਸਿੰਘ ਬਰਾੜ, ਮਨੋਰੋਗ ਮਾਹਿਰ ਡਾ. ਕਪਿਲ ਸ਼ਰਮਾ, ਡਾ. ਅਕਰਮਬੀਰ ਸਿੰਘ ਬਰਾੜ, ਡਾ. ਰਾਕੇਸ਼ ਚੌਧਰੀ, ਡਾ. ਕਾਰਤਿਕੇ ਕਾਂਸਲ, ਡਾ. ਮਨਪ੍ਰੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਮੈਨੇਜਰ ਰੀਹੈਬਲੀਟੇਸ਼ਨ ਸੈਂਟਰ ਆਗਿਆਪਾਲ ਸਿੰਘ, ਸਾਈਕੈਟਰਿਕ ਸੋਸ਼ਲ ਵਰਕਰ ਬਲਵਿੰਦਰ ਕੁਮਾਰ, ਵਿਜੇ ਸੂਰੀ, ਸੁਭਾਸ਼ ਕਬੋਤਰਾ ਅਤੇ ਯੂਥ ਅਫੇਅਰ ਆਰਗੇਨਾਈਜੇਸ਼ਨ ਦੇ ਵਲੰਟੀਅਰ ਹਾਜਰ ਸਨ।ਸਮਾਗਮ ਤੋਂ ਬਾਅਦ ਸਮੂਹ ਭਾਗੀਦਾਰਾਂ ਨੂੰ ਵਿਭਾਗ ਵੱਲੋਂ ਰਿਫ੍ਰੈਸ਼ਮੈਂਟ ਮੁਹੱਈਆ ਕਰਵਾਈ ਗਈ।

1
9 views