ਮੁਕੇਰੀਆਂ ’ਚ ਕਾਂਗਰਸ ਦੀ ਗੁੱਟਬਾਜੀ ਸਾਹਮਣੇ ਆਈ, ਸਾਬਕਾ ਵਿਧਾਇਕ ਇੰਦੂ ਬਾਲਾ ਦੇ ਸਮਾਨਾਂਤਰ ਨਾਰਾਜ ਧਡ਼ੇ ਵੱਲੋਂ ਵਰਕਰ ਮੀਟਿੰਗ ਆਯੋਜਿਤ
ਭੋਡੇ ਦੇ ਖੂਹ ਸਥਿਤ ਨਿੱਜੀ ਰੇਸਤਰਾਂ ’ਚ ਸਾਬਕਾ ਜ਼ਿਲ੍ਹਾ ਪਰਿਸ਼ਦ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਾਰਜ਼ਕਾਰਨੀ ਕਮੇਟੀ ਮੈਂਬਰ ਸੁਮੀਤ ਡਡਵਾਲ ਦੀ ਪ੍ਰਧਾਨਗੀ ਹੇਠ ਵਰਕਰ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ’ਚ ਜ਼ਿਆਦਾਤਰ ਮੁਕੇਰੀਆਂ ਤੋਂ ਸਾਬਕਾ ਕਾਂਗਰਸੀ ਵਿਧਾਇਕ ਇੰਦੂ ਬਾਲਾ ਤੋਂ ਨਾਰਾਜ਼ ਆਗੂ ਸ਼ਾਮਲ ਹੋਏ। ਪੰਜਾਬ ਕਾਂਗਰਸ ਪਾਰਟੀ ਵੱਲੋਂ ਸਵਿੰਧਾਨ ਬਚਾਓ ਮੁਹਿੰਮ ਤਹਿਤ ਹਰ ਹਲਕੇ ’ਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਸਾਬਕਾ ਵਿਧਾਇਕ ਅਤੇ ਹਲਕਾ ਮੁਕੇਰੀਆਂ ਇੰਚਾਰਜ ਬੀਬੀ ਇੰਦੂ ਬਾਲਾ ਵੱਲੋਂ ਮੁਕੇਰੀਆਂ ਸ਼ਹਿਰ ’ਚ ਰੈਲੀ ਕੀਤੀ ਗਈ। ਇਸ ਰੈਲੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਸ਼ਾਮਲ ਹੋਏ, ਜਦਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਰਿਵਾਰਕ ਰੁਝੇਵਿਆਂ ਕਾਰਨ ਸ਼ਾਮਲ ਨਹੀਂ ਹੋ ਸਕੇ। ਇਸੇ ਦਿਨ ਬਾਅਦ ਦੁਪਹਿਰ ਸੁਮੀਤ ਡਡਵਾਲ ਵੱਲੋਂ ਬਲਾਕ ਹਾਜੀਪੁਰ ਦੇ ਪਿੰਡ ਭੋਡੇ ਦਾ ਖੂਹ ਵਿਖੇ ਵਰਕਰ ਮੀਟਿੰਗ ਰੱਖੀ ਗਈ। ਜਿਸ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁਕੇਰੀਆਂ ਰੈਲੀ ਉਪਰੰਤ ਆਉਣਾ ਸੀ। ਮੀਟਿੰਗ ਦੀਆਂ ਤਿਆਰੀਆਂ ਸਬੰਧੀ ਵਿਰੋਧੀ ਧਡ਼ੇ ਵੱਲੋਂ ਬਕਾਇਦਾ ਪੋਸਟਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਸਾਬਕਾ ਵਿਧਾਇਕ ਇੰਦੂ ਬਾਲਾ ਗਾਇਬ ਸੀ। ਪਰ ਸ੍ਰ ਬਾਜਵਾ ਦੇ ਨਾ ਆਉਣ ਕਾਰਨ ਸੁਮੀਤ ਡਡਵਾਲ ਦੇ ਸਮਰਥਕਾਂ ’ਚ ਨਿਰਾਸ਼ਾ ਪਾਈ ਗਈ। ਹਾਲਾਂਕਿ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਦਸੂਹਾ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਮੀਟਿੰਗ ’ਚ ਪਹੁੰਚ ਕੇ ਵਰਕਰਾਂ ਵਿਚ ਉਤਸ਼ਾਹ ਭਰਨ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਬੀਬੀ ਹਰਵਿੰਦਰ ਕੌਰ ਨੇ ਪਾਰਟੀ ’ਚ ਇੱਕਜੁਟਤਾ ਹੋਣ ਦੀ ਗੱਲ ਆਖੀ। ਪਰ ਇੱਕੋ ਦਿਨ ’ਚ ਸਥਾਨਕ ਕਾਂਗਰਸ ਆਗੂਆਂ ਵੱਲੋਂ ਆਪਣੇ ਸਮਰਥਕਾਂ ਨਾਲ ਕੀਤੀਆਂ ਵੱਖ ਵੱਖ ਮੀਟਿੰਗਾਂ ਨੇ ਪਾਰਟੀ ਦੀ ਅੰਦਰੂਨੀ ਪਾਟੋਧਾਡ਼ ਨੂੰ ਮੁਡ਼ ਚਰਚਾ ’ਚ ਲੈ ਆਉਂਦਾ ਹੈ। ਸੀਨੀਅਰ ਵਰਕਰਾਂ ਨੇ ਖੇਮਿਆਂ ’ਚ ਵੰਡੀ ਮੁਕੇਰੀਆਂ ਕਾਂਗਰਸ ਦਾ ਲਾਭ 2027 ਦੀਆਂ ਚੋਣਾਂ ’ਚ ਮੁਡ਼ ਵਿਰੋਧੀ ਧਿਰ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਾਬਕਾ ਸਰਪੰਚ ਨਰਦੇਵ ਸਿੰਘ, ਬਲਾਕ ਸਮੰਤੀ ਹਾਜੀਪੁਰ ਦੀ ਸਾਬਕਾ ਵਾਈਸ ਚੇਅਰਪਰਸਨ ਸੁਨੀਤਾ, ਬਲਾਕ ਕਾਂਗਰਸ ਕਮੇਟੀ ਹਾਜੀਪੁਰ ਦੇ ਸਾਬਕਾ ਪ੍ਰਧਾਨ ਕੁਲਭੂਸ਼ਨ ਸੋਹਲ, ਸਾਬਕਾ ਪ੍ਰਧਾਨ ਤਰਸੇਮ ਮਿਨਹਾਸ, ਕਰਨੀ ਸੈਨਾ ਪ੍ਰਧਾਨ ਨਰੋਤਮ ਸਿੰਘ ਸਾਬਾ, ਸਾਬਕਾ ਸਰਪੰਚ ਅਸ਼ਵਨੀ ਕੁਮਾਰ ਅੱਛੀ ਆਦਿ ਹਾਜ਼ਰ ਸਨ।