logo

ਨੈਸ਼ਨਲ ਹਾਈਵੇ 54 ਨਾਲ ਪਿੰਡ ਵਾੜਾ ਭਾਈਕਾ ਨੂੰ ਜੋੜਨ ਵਾਲੀ ਲਿੰਕ ਸੜਕ ਦਾ ਮੰਦਾ ਹਾਲ * ਨੇੜਲੇ 10 ਪਿੰਡਾਂ ਦੇ ਵਿਦਿਆਰਥੀ ਸਕੂਲ ਪਹੁੰਚਣ ਤੋਂ ਪਹਿਲਾਂ ਕਰਦੇ ਨੇ ਸੜਕ 'ਤੇ ਬਣੇ ਛੱਪੜ ਦਾ ਸਾਹਮਣਾ

ਨੈਸ਼ਨਲ ਹਾਈਵੇ 54 ਅੰਮ੍ਰਿਤਸਰ ਬਠਿੰਡਾ ਤੋਂ ਪਿੱਛੇ ਹਟ ਕੇ ਵਸੇ ਬਾਜਾਖਾਨਾ ਦੇ ਨੇੜਲੇ ਪਿੰਡ ਵਾੜਾ ਭਾਈਕਾ ਦੇ ਨਗਰ ਨਿਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ, ਕਿਉਂਕਿ ਥੋੜ੍ਹੀ ਜਿਹੀ ਬਰਸਾਤ ਹੋਣ ਕਾਰਨ ਪਿੰਡ ਨੂੰ ਜੋੜਨ ਵਾਲੀ ਲਿੰਕ ਸੜਕ 'ਤੇ ਗੋਡੇ ਗੋਡੇ ਪਾਣੀ ਜਮ੍ਹਾਂ ਹੋ ਜਾਂਦਾ ਹੈ ਜਿਸ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਹਫਤਾ ਹਫਤਾ ਪੈਦਲ ਜਾਂ ਮੋਟਰਸਾਈਕਲ ਵਗੈਰਾ ਬੱਸ ਅੱਡੇ ਨੂੰ ਜਾਣ ਵਾਲੇ ਰਾਹਗੀਰਾਂ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਜਾਂਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਪੱਧਰ 'ਤੇ ਪਿੰਡ ਵਾੜਾ ਭਾਈਕਾ ਦਾ ਨਾਮ ਚਮਕਾਉਣ ਵਾਲੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਵੀ ਇਸੇ ਲਿੰਕ ਰੋਡ 'ਤੇ ਸਥਿਤ ਹਨ ਅਤੇ ਖਾਸ ਕਰਕੇ ਪਾਣੀ ਦਾ ਉਕਤ ਛੱਪੜ ਇਹਨਾਂ ਸਕੂਲਾਂ ਦੇ ਸਾਹਮਣੇ ਹੀ ਲਗਦਾ ਹੈ ਅਤੇ ਨਾਲ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਸਕੂਲਾਂ ਵਿੱਚ ਪਿੰਡ ਦੇ ਹੀ ਨਹੀਂ ਸਗੋਂ ਆਸ ਪਾਸ ਦੇ ਲਗਭਗ 10 ਪਿੰਡਾਂ ਦੇ ਬੱਚੇ ਸਕੂਲ ਵੈਨਾਂ ਰਾਹੀਂ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹਨ। ਨਗਰ ਦੀਆਂ ਦੋ ਪੰਚਾਇਤਾਂ ਹੋਣ ਦੇ ਬਾਵਜੂਦ ਇਹ ਸਮੱਸਿਆ ਜਿਉਂ ਦੀ ਤਿਉਂ ਪਿੰਡ ਦੇ ਮੋਹਤਬਰਾਂ ਦਾ ਮੂੰਹ ਚਿੜਾ ਰਹੀ ਹੈ।
ਇਸ ਮਾਮਲੇ ਸਬੰਧੀ ਜਦ ਵਾੜਾ ਭਾਈਕਾ ਖ਼ੁਰਦ ਦੇ ਸਰਪੰਚ ਟੇਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਇਸ ਪਾਣੀ ਦੀ ਨਿਕਾਸੀ ਲਈ ਬੱਸ ਸਟੈਂਡ ਤੋਂ ਪਿੰਡ ਵਾਲੇ ਛੱਪੜ ਤੱਕ ਨਾਲਾ ਬਣਾ ਕੇ ਲੈ ਜਾਣ ਦਾ ਪ੍ਰੋਜੈਕਟ ਬਿਲਕੁਲ ਤਿਆਰ ਹੈ ਪਰੰਤੂ ਲਿੰਕ ਰੋਡ ਤੇ ਵਸੇ ਹੋਏ ਘਰਾਂ ਵੱਲੋਂ ਸੀਵਰੇਜ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਹ ਇਹ ਉਕਤ ਨਾਲਾ ਬਣਾਉਣ ਵਾਲੀ ਪੰਚਾਇਤ ਦੀ ਸਕੀਮ ਨੂੰ ਰੋਕ ਰਹੇ ਹਨ। ਉਹਨਾਂ ਸੀਵਰੇਜ ਸਬੰਧੀ ਆਪਣੀ ਗੱਲ ਰੱਖਦਿਆਂ ਕਿਹਾ ਕਿ ਪੰਚਾਇਤ ਦਾ ਮੰਨਣਾ ਹੈ ਕਿ ਸੀਵਰੇਜ ਦੀਆਂ ਪਾਈਪਾਂ ਜਲਦੀ ਬੰਦ ਹੋਣਗੀਆਂ ਅਤੇ ਸਾਫ ਸਫਾਈ ਦੇ ਕੰਮ ਵਿੱਚ ਦਿੱਕਤ ਆਵੇਗੀ। ਇਸੇ ਸੰਬੰਧੀ ਲਿੰਕ ਸੜਕ 'ਤੇ ਵਸੇ ਮੌਜੂਦਾ ਪੰਚਾਇਤ ਮੈਂਬਰ ਜਗਸੀਰ ਸਿੰਘ ਸੀਰਾ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਅਤੇ ਸਪੱਸ਼ਟ ਕੀਤਾ ਕਿ ਵਾਕਿਆ ਹੀ ਉਹਨਾਂ ਦੇ ਘਰਾਂ ਦੀ ਮੰਗ ਸੀਵਰੇਜ ਦੀ ਹੈ ਅਤੇ ਉਹ ਪਾਣੀ ਦੀ ਨਿਕਾਸੀ ਵਾਲੇ ਨਾਲੇ ਨੂੰ ਬਣਨ ਤੋਂ ਰੋਕ ਰਹੇ ਹਨ। ਹੁਣ ਵੇਖਣਾ ਹੋਵੇਗਾ ਕਿ ਪੰਚਾਇਤ ਜਾਂ ਸੜਕ ਕਿਨਾਰੇ ਵਸੇ ਲੋਕਾਂ ਦੀ ਖਿੱਚੋਤਾਣ ਕਦੋਂ ਖ਼ਤਮ ਹੋਵੇਗੀ ਅਤੇ ਪਿੰਡ ਵਾਸੀ ਇਸ ਨਰਕ ਭਰੀ ਜ਼ਿੰਦਗੀ ਵਿਚੋਂ ਕਦੋਂ ਨਿਕਲਣਗੇ ਅਤੇ ਨਾਲ ਹੀ ਸਕੂਲ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਸਾਫ ਰਸਤਾ ਕਦੋਂ ਮਿਲੇਗਾ।

14
1322 views