
ਹੈਪੇਟਾਈਟਸ ਇਲਾਜ ਤੋ ਬਿਹਤਰ ਹੈ ਬਚਾਅ
ਮੱਲਾਂ ਵਾਲਾ : 29 ਜੁਲਾਈ -( ਤਿਲਕ ਸਿੰਘ ਰਾਏ )-ਹਰ ਸਾਲ ਵਿਸ਼ਵ ਵਿੱਚ ਲੱਖਾਂ ਲੋਕ ਹੈਪੇਟਾਈਟਸ (ਕਾਲਾ ਪੀਲੀਆ) ਬੀਮਾਰੀ ਨਾਲ ਆਪਣੀ ਜਾਨ ਗਵਾ ਬੈਠਦੇ ਹਨ ਜਦੋਂ ਕਿ ਇਸ ਬੀਮਾਰੀ ਦਾ ਸਹੀ ਸਮੇਂ ਤੇ ਜਾਂਚ ਕਰਵਾ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਇਸ ਬੀਮਾਰੀ ਨਾਲ ਹੋਣ ਵਾਲੀਆਂ ਮੋਤਾਂ ਨੂੰ ਰੋਕਿਆ ਜਾ ਸਕਦਾ ਹੈ।ਇਨਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਡਾ ਬਲਕਾਰ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ ਐਚ ਸੀ ਕੱਸੋਆਣਾ ਨੇ ਦੱਸਿਆ ਕਿ ਵਿਸ਼ਵ ਹੈਪੇਟਾਈਟਸ ਦਿਵਸ ਹਰ ਸਾਲ 28 ਜੁਲਾਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ।
ਇਸ ਮੁਹਿੰਮ ਤਹਿਤ ਬਲਾਕ ਪੀ ਐਚ ਸੀ ਕੱਸੋਆਣਾ ਵਿੱਚ ਪੈਂਦੇ ਸਿਹਤ ਕੇਂਦਰਾਂ ਤੇ ਲੋਕਾਂ ਨੂੰ ਜਾਗਰੂਕਤਾ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ।
ਇਸ ਦੋਰਾਨ ਜਾਣਕਾਰੀ ਦਿੰਦੇ ਹੋਏ ਵਿਕਰਮਜੀਤ ਸਿੰਘ ਬਲਾਕ ਐਜੁਕੇਟਰ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ ਜੋ ਕਿ ਵਾਇਰਸ ਕਾਰਨ ਹੁੰਦੀ ਹੈ।ਹੈਪੇਟਾਈਟਸ ਪੰਜ ਤਰਾਂ ਦਾ ਹੁੰਦਾ ਹੈ ਜਿਸ ਵਿੱਚ ਹੈਪੇਟਾਈਟਸ ਏ,ਬੀ ,ਸੀ,ਡੀ ਤੇ ਈ ਹਨ।
ਹੈਪੇਟਾਈਟਸ ਦੀ ਏ ਅਤੇ ਈ ਕਿਸਮ ਦੁਸ਼ਿਤ ਪਾਣੀ ਤੇ ਗਲੇ ਸੜੇ ਫਲ ਖਾਣ ਨਾਲ ਤੇ ਮੱਖੀਆਂ ਦੁਆਰਾ ਦੁਸ਼ਿਤ ਕੀਤੇ ਭੋਜਨ ਖਾਣ ਅਤੇ ਬਿਨਾਂ ਹੱਥ ਧੋਤੇ ਭੋਜਨ ਖਾਣ ਨਾਲ ਹੁੰਦੀ ਹੈ। ਹੈਪੇਟਾਈਟਸ ਬੀ ਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ,ਨਸ਼ੇ ਦੇ ਆਦਿ ਲੋਕਾਂ ਵੱਲੋਂ ਸਾਂਝੀਆ ਸੂਈਆਂ ਵਰਤਨ ਨਾਲ,ਟੈਟੁ ਬਨਵਾਉਣ ਨਾਲ,ਗ੍ਰਸਤ ਮਾਂ ਤੋ ਬੱਚੇ ਨੂੰ,ਗ੍ਰਸਤ ਵਿਅਕਤੀਆ ਨਾਲ ਸਰੀਰਿਕ ਸਬੰਧ ਬਨਾਉਣ ਨਾਲ,ਹੋ ਸਕਦੀ ਹੈ।ਹੈਪੇਟਾਈਟਸ ਦੇ ਲੱਛਣ ਬੁਖਾਰ,ਭੁੱਖ ਨਾ ਲੱਗਣਾ,ਜਿਗਰ ਦਾ ਕੈਂਸਰ,ਪਿਸ਼ਾਬ ਦਾ ਪੀਲਾ ਹੋਣਾ ਹੋ ਸਕਦੇ ਹਨ
ਉਨਾਂ ਦੱਸਿਆ ਕਿ ਹੈਪੇਟਾਈਟਸ ਜਾਨਲੇਵਾ ਬੀਮਾਰੀ ਹੈ ਜੋ ਕਿ ਜਿਗਰ ਵਿੱਚ ਸੋਜ ਪੈਦਾ ਕਰਦੀ ਹੈ ਤੇ ਜਿਗਰ ਦੇ ਕੰਮ ਕਰਨ ਦੀ ਸ਼ਕਤੀ ਘਟਾਉਂਦਾ ਹੈ ਤੇ ਜੇ ਸਹੀ ਸਮੇਂ ਤੇ ਇਸਦੀ ਜਾਂਚ ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਜਿਗਰ ਦਾ ਕੈਂਸਰ ਹੋ ਸਕਦਾ ਹੈ।ਇਸ ਬੀਮਾਰੀ ਤੋਂ ਬਚਾਅ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਸੂਈਆਂ ਦਾ ਸਾਂਝਾ ਇਸਤਮਾਲ ਨਾ ਕਰੋ,ਮਨਜੂਰਸ਼ੁਦਾ ਬਲੱਡ ਬੈਂਕ ਤੋਂ ਖੂਨ ਲਗਵਾਉਣਾ, ਸੁਰਖਿਅਤ ਸੰਭੋਗ,ਮੇਲਿਆਂ ਵਿੱਚ ਟੈਟੁ ਨਾ ਬਨਵਾੳ,ਤੇ ਸਾਫ ਪਾਣੀ ਦੀ ਵਰਤੋਂ , ਖਾਣ ਪੀਣ ਦੀਆਂ ਵਸਤਾਂ ਤਾਜੀਆਂ ਤੇ ਸਾਫ ਹੋਣ ਆਦਿ ਤਰੀਕਿਆਂ ਨਾਲ ਹੈਪੇਟਾਈਟਸ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਹੈਪੇਟਾਈਟਸ ਸੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ ।ਇਸ ਦੋਰਾਨ
ਡਾ ਸ਼ਿਵਕੰਵਰ ਸਿੰਘ,ਸਿਹਤ ਵਰਕਰ ਤੇ ਹੋਰ ਲੋਕ ਹਾਜਰ ਸਨ।