logo

ਸਪੈਸ਼ਲ ਰਿਸੋਰਸ ਸੈਂਟਰ ਮਾਡਲ ਟਾਊਨ ਦੇ ਵਿਦਿਆਰਥੀ ਸਲੀਮ ਨੇ ਨੈਸ਼ਨਲ ਸਵਿਮਿੰਗ ਚੈਂਪੀਅਨਸ਼ਿਪ 2025 ਵਿੱਚ ਗੋਲਡ ਮੈਡਲ ਹਾਸਲ ਕਰ ਕੀਤਾ ਪੰਜਾਬ ਅਤੇ ਪਠਾਨਕੋਟ ਦਾ ਨਾਂ ਰੌਸ਼ਨ। ਸਲੀਮ ਦੇ ਪਠਾਨਕੋਟ ਪਹੁੰਚਣ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਨੇ ਕੀਤਾ ਸਵਾਗਤ

ਪਠਾਨਕੋਟ(9 ਅਗਸਤ 2025 )
ਸਪੈਸ਼ਲ ਓਲੰਪਿਕ ਭਾਰਤ ਵੱਲੋਂ ਮੁੰਬਈ ਵਿੱਚ ਆਯੋਜਿਤ ਨੈਸ਼ਨਲ ਸਵਿਮਿੰਗ ਚੈਂਪੀਅਨਸ਼ਿਪ 2025 ਵਿੱਚ 25 ਮੀਟਰ ਫ੍ਰੀ ਸਟਾਇਲ ਵਿੱਚ ਗੋਲਡ ਮੈਡਲ ਅਤੇ 50 ਮੀਟਰ ਫ੍ਰੀ ਸਟਾਇਲ ਵਿੱਚ ਬਰਾਊਨ ਮੈਡਲ ਹਾਸਲ ਕਰ ਪੰਜਾਬ ਅਤੇ ਪਠਾਨਕੋਟ ਦਾ ਨਾਂ ਚਮਕਾਉਣ ਵਾਲੇ ਸਪੈਸ਼ਲ ਰਿਸੋਰਸ ਸੈਂਟਰ ਮਾਡਲ ਟਾਊਨ ਦੇ ਵਿਦਿਆਰਥੀ ਸਲੀਮ ਦਾ ਸਪੈਸ਼ਲ ਰਿਸੋਰਸ ਸੈਂਟਰ ਮਾਡਲ ਟਾਊਨ ਪਠਾਨਕੋਟ ਪਹੁੰਚਣ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸੰਧੂ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਅਮਨਦੀਪ ਕੁਮਾਰ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਸਮੇਤ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਫੁੱਲਾਂ ਦੀਆਂ ਵਰਖਾਂ, ਹਾਰਾਂ ਅਤੇ ਗਿਫਟਾਂ ਨਾਲ ਸਵਾਗਤ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਕਮਲਦੀਪ ਕੌਰ ਨੇ ਦੱਸਿਆ ਕਿ ਸਲੀਮ ਵੱਲੋਂ ਮੁੰਬਈ ਵਿਖੇ ਨੈਸ਼ਨਲ ਸਵਿਮਿੰਗ ਚੈਂਪੀਅਨਸ਼ਿਪ ਵਿੱਚ ਆਪਣਾ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਸਮੇਤ ਤਿੰਨ ਤਗਮੇ ਹਾਸਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਥੇ ਸਲੀਮ ਵੱਲੋਂ 25 ਮੀਟਰ ਫ੍ਰੀ ਸਟਾਇਲ ਵਿੱਚ ਪਹਿਲਾ ਸਥਾਨ ਅਤੇ 50 ਮੀਟਰ ਫ੍ਰੀ ਸਟਾਇਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ ਹੈ ਉੱਥੇ ਹੀ ਪੰਜਾਬ ਮਿਕਸਡ ਫ੍ਰੀ ਸਟਾਇਲ ਰਿਲੇ (4*50) ਵਿੱਚ ਤੀਜਾ ਸਥਾਨ ਹਾਸਲ ਕਰ ਪੰਜਾਬ ਰਾਜ, ਸਿੱਖਿਆ ਵਿਭਾਗ, ਮਾਪਿਆਂ, ਅਧਿਆਪਕਾਂ ਅਤੇ ਜ਼ਿਲ੍ਹਾ ਪਠਾਨਕੋਟ ਦਾ ਨਾਂ ਰੌਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਪਠਾਨਕੋਟ ਦਾ ਸਪੈਸ਼ਲ ਰਿਸੋਰਸ ਸੈਂਟਰ ਡਾਕਟਰ ਮਨਦੀਪ ਸ਼ਰਮਾ ਅਤੇ ਟੀਮ ਦੀ ਅਗਵਾਈ ਹੇਠ ਵੱਖ ਵੱਖ ਅਪੰਗਤਾਵਾਂ ਵਾਲੇ ਬੱਚਿਆਂ ਨੂੰ ਸਸ਼ਕਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਇੱਕ ਅਜਿਹਾ ਸਮਾਵੇਸ਼ੀ ਵਾਤਾਵਰਣ ਬਣਾਉਣਾ ਹੈ ਜਿੱਥੇ ਹਰੇਕ ਬੱਚੇ ਦਾ ਯੋਗਤਾ ਦੀ ਪਰਵਾਹ ਕੀਤੇ ਬਿਨਾਂ ਸਤਿਕਾਰ ਕੀਤਾ ਜਾਵੇ, ਕਦਰ ਕੀਤੀ ਜਾਵੇ ਅਤੇ ਖੇਡ ਖੇਤਰ ਵਿੱਚ ਅਤੇ ਬਾਹਰ ਚਮਕਣ ਦਾ ਮੌਕਾ ਦਿੱਤਾ ਜਾਵੇ।
ਸ੍ਰੀ ਅਮਨਦੀਪ ਸੰਧੂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨੇ ਇਸ ਮੌਕੇ ਗੋਲਡ ਮੈਡਲਿਸਟ ਸਲੀਮ, ਉਸਦੇ ਪਰਿਵਾਰ ਅਤੇ ਸਿੱਖਿਆ ਵਿਭਾਗ ਨੂੰ ਸਲੀਮ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਸਲੀਮ ਦੀ ਇਸ ਪ੍ਰਾਪਤੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਜੇਕਰ ਸਹੀ ਮਾਰਗ ਦਰਸ਼ਨ ਕੀਤਾ ਜਾਵੇ ਤਾਂ ਇਹ ਜਿੰਦਗੀ ਦੇ ਹਰੇਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਸਕਦੇ ਹਨ। ਉਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਜਦੋਂ ਕਿ ਹਰੇਕ ਵਿਅਕਤੀ ਸਵਾਰਥੀ ਹੋ ਕੇ ਰਹਿ ਗਿਆ ਹੈ ਉਸ ਸਮੇਂ ਅੰਦਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਸਪੈਸ਼ਲ ਰਿਸੋਰਸ ਸੈਂਟਰ ਮਾਡਲ ਟਾਊਨ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਦੀ ਅਗਵਾਈ ਹੇਠ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨਾਂ ਪੰਜਾਬ ਸਰਕਾਰ ਵੱਲੋਂ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਅਮਨਦੀਪ ਕੁਮਾਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਡੀਜੀ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਲੀਮ ਦੀ ਇਸ ਪ੍ਰਾਪਤੀ ਨੇ ਜ਼ਿਲ੍ਹਾ ਪਠਾਨਕੋਟ ਦਾ ਨੈਸ਼ਨਲ ਲੈਵਲ ਤੇ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੀ ਆਮ ਬੱਚਿਆਂ ਵਾਂਗ ਹੁੰਦੇ ਹਨ , ਬਸ ਇੰਨ੍ਹਾਂ ਦੀਆਂ ਜ਼ਰੂਰਤਾਂ ਵਿਸ਼ੇਸ਼ ਹੁੰਦਿਆਂ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਘੁਲ ਮਿਲ ਕੇ ਅਤੇ ਉਨਾਂ ਦੇ ਜਜ਼ਬਾਤਾਂ ਨੂੰ ਸਮਝਦੇ ਹੋਏ ਉਨਾਂ ਦੇ ਦੁੱਖ ਤਕਲੀਫਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਬੱਚੇ ਕਿਸੇ ਦੇ ਮੋਹਤਾਜ ਨਹੀਂ ਹੁੰਦੇ ਸਗੋਂ ਇਨਾਂ ਨੂੰ ਪਿਆਰ ਨਾਲ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ।ਇਸ ਮੌਕੇ ਤੇ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ਵਰ ਸਲਾਰੀਆ, ਸ੍ਰੀ ਕੁਲਦੀਪ ਸਿੰਘ ਬੀਪੀਈਓ ਪਠਾਨਕੋਟ -3, ਪ੍ਰਿੰਸੀਪਲ ਸਵਤੰਤਰ ਕੁਮਾਰ, ਇਨਰ ਵ੍ਹੀਲ ਡਮਟਾਲ ਅਤੇ ਪਠਾਨਕੋਟ, ਲਾਇੰਸ ਕਲੱਬ ਪਠਾਨਕੋਟ, ਰਾਧਾ ਸਾਂਗਰਾ, ਰੇਨੂੰ ਬਾਲਾ, ਡਾਕਟਰ ਮਨਦੀਪ ਸ਼ਰਮਾ, ਰਾਕੇਸ਼ ਕੁਮਾਰ, ਸਵਿਤਾ ਸ਼ਰਮਾ, ਰਿਤੂ ਸ਼ਰਮਾ, ਰੇਨੂੰ ਬਾਲਾ, ਸੁਨੀਤਾ ਦੇਵੀ, ਰਾਜੁ ਬਾਲਾ,ਰੂਮਾਨੀ ਠਾਕੁਰ, ਡਾਕਟਰ ਰਵੀ, ਬਲਕਾਰ ਅੱਤਰੀ ਆਦਿ ਹਾਜ਼ਰ ਸਨ।

12
61 views