logo

ਆਪ ਦੇ ਬੁਲਾਰੇ ਰਹੇ ਇਕਬਾਲ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ।

ਆਮ ਆਦਮੀ ਪਾਰਟੀ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਪਿਛਲੇ ਕਰੀਬ ਇਕ ਦਹਾਕੇ ਤੋ ਪਾਰਟੀ ਦਾ ਹਰ ਪੱਧਰ ਉਤੇ ਮਜ਼ਬੂਤੀ ਨਾਲ ਪੱਖ ਪੂਰਨ ਵਾਲੇ ਇਕਬਾਲ ਸਿੰਘ ਨੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਕਬਾਲ ਸਿੰਘ ਨੇ ਪਿਛਲੇ ਸਮੇਂ ਦੌਰਾਨ ਪਾਰਟੀ ਲਈ ਦਿਨ ਰਾਤ ਇਕ ਕੀਤਾ ਸੀ, ਬਲਕਿ ਉਹ ਬੁਲਾਰਾ ਹੋਣ ਦੇ ਨਾਤੇ ਪਾਰਟੀ ਦੀਆਂ ਨੀਤੀਆਂ ਅਤੇ ਮੁੱਦਿਆ ਨੂੰ ਲੈ ਕੇ ਵੱਖ ਵੱਖ ਡਿਬੇਟਾਂ ਵਿਚ ਵਿਰੋਧੀਆਂ ਨਾਲ ਉਲਝਦਾ ਵੀ ਰਿਹਾ ਹੈ।
ਇਕਬਾਲ ਸਿੰਘ ਨੇ ਆਪਣੇ ਫੇਸਬੁੱਕ ਪੇਜ਼ ਉਤੇ ਲਿਖਿਆ ਹੈ ਕਿ ਸਾਲ 2015 ਤੋ ਸਿਆਸੀ ਪਾਰਟੀਆਂ ਵਿੱਚ ਇੱਕ ਨਵੀਂ ਕਿਰਨ ਬਣਕੇ ਉੱਭਰੀ ਆਮ ਆਦਮੀ ਪਾਰਟੀ ਨੇ ਮੇਰੇ ਵਰਗੇ ਹਜ਼ਾਰਾਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ। ਸਾਲ 2015 ਤੋਂ ਲੈਕੇ ਹੁਣ ਤੱਕ ਅਜਿਹੀ ਕੋਈ ਜਗ੍ਹਾ ਨਹੀਂ, ਅਜਿਹਾ ਕੋਈ ਮੁੱਦਾ ਨਹੀਂ,ਜਿੱਥੇ ਪਾਰਟੀ ਨੂੰ ਡਿਫੈਂਡ ਨਾ ਕੀਤਾ ਹੋਵੇ। ਇੱਥੋਂ ਤੱਕ ਵੀ ਵਾਪਰਦਾ ਰਿਹਾ ਕਿ, ਪਾਰਟੀ ਵੱਲੋ ਲੱਗੀ ਡਿਊਟੀ ਨੂੰ ਨਿਭਾਉਂਦੇ ਹੋਏ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਤਲਖ਼ੀ ਤੱਕ ਦੀ ਵੀ ਨੌਬਤ ਝੱਲਣੀ ਪਈ।
ਜਿਸ ਆਸਾਂ ਉਮੀਦ ਨਾਲ ਆਪਣਾ ਘਰ ,ਖੇਤੀ ਬਾੜੀ ਨੂੰ ਛੱਡ ਕੇ ਕੰਮ ਕਰਦੇ ਰਹੇ, ਉਸ ਆਸ ਉੱਪਰ ਸਰਕਾਰ ਬਣਨ ਤੋਂ ਬਾਅਦ ਨਾ ਪਾਰਟੀ ਅਤੇ ਨਾ ਸਰਕਾਰ ਪੂਰਾ ਉੱਤਰੀ। ਜਿਸ ਕਰਕੇ ਨਾਲ ਚੱਲੇ ਸਾਥੀਆਂ ਅਤੇ ਆਮ ਜਨਤਾ ਕੋਲੋ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਕਰਕੇ ਦਸ ਸਾਲ ਦੀ ਮਿਹਨਤ ਤੋਂ ਬਾਅਦ ਮੈ ਆਪਣੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ।
ਸਾਲ 2015 ਤੋਂ ਨਾਲ ਚੱਲੇ ਸਾਥੀਆਂ ਤੋ ਭਰੇ ਮਨ ਨਾਲ ਮੁਆਫੀ ਮੰਗਦਾ ਹਾਂ ਕਿ ਅੱਗੇ ਸਾਥ ਨਹੀਂ ਨਿਭਾਇਆ ਜਾ ਸਕਦਾ । ਪਿਛਲੇ ਦਸ ਸਾਲ ਤੋਂ ਜਿਨਾ ਸਾਥੀਆਂ ਨਾਲ ਮਿਲਕੇ ਕੰਮ ਕੀਤਾ, ਓਹਨਾ ਤੋ ਵੀ ਮੁਆਫੀ, ਅੱਜ ਓਹਨਾ ਦਾ ਵੀ ਸਾਥ ਛੱਡਣਾ ਪੈ ਰਿਹਾ ਹੈ।
ਮੈ ਅਪਣੇ ਖਿੱਤੇ ਪੰਜਾਬ ਅਤੇ ਪੰਜਾਬੀਆਂ ਲਈ ਹਮੇਸ਼ਾ ਲੜਦਾ ਰਹਾਂਗਾ।

23
449 views