logo

ਨੈਸ਼ਨਲ ਲੋਕ ਅਦਾਲਤ 'ਚ 96272 ਕੇਸਾਂ ਦਾ ਨਿਪਟਾਰਾ, 234.41 ਕਰੋੜ ਰੁਪਏ ਦੇ ਐਵਾਰਡ ਜਾਰੀ

ਲੁਧਿਆਣਾ, 13 ਸਤੰਬਰ :- ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਮੈਡਮ ਹਰਪ੍ਰੀਤ ਕੌਰ ਰੰਧਾਵਾ, ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਹੇਠ ਅਤੇ ਸ੍ਰੀਮਤੀ ਸੁਮਿਤ ਸੱਭਰਵਾਲ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਅੱਜ 13 ਸਤੰਬਰ 2025 ਨੂੰ ਜ਼ਿਲ੍ਹਾ ਅਤੇ ਉਪ ਮੰਡਲ ਪੱਧਰ 'ਤੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।

ਇਹ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚਹਿਰੀ ਲੁਧਿਆਣਾ, ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਆਯੋਜਿਤ ਕੀਤੀ ਗਈ। ਇਸ ਦੌਰਾਨ ਮੈਡਮ ਹਰਪ੍ਰੀਤ ਕੌਰ ਰੰਧਾਵਾ ਨੇ ਕੋਰਟਾਂ ਦਾ ਦੌਰਾ ਕੀਤਾ ਅਤੇ ਪਰਿਵਾਰਕ ਮਾਮਲਿਆਂ ਵਿਚ ਵਧੀਆ ਸਲਾਹ-ਸਮਝੌਤੇ ਰਾਹੀਂ ਮੁਕਦਮੇ ਨਿਪਟਾਏ। ਇੱਕ ਕੇਸ ਵਿੱਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਤਲਾਕ ਕਲੇਮ ਰੱਦ ਕਰਵਾ ਕੇ ਉਨ੍ਹਾਂ ਦਾ ਮੁੜ ਘਰ ਵਸਾਇਆ ਗਿਆ। ਦੂਜੇ ਕੇਸ ਵਿੱਚ ਪਤੀ-ਪਤਨੀ ਨੂੰ ਇਕੱਠੇ ਭੇਜ ਕੇ ਘਰ ਵਸਾਉਣ ਦੀ ਸਿਫਾਰਸ਼ ਕੀਤੀ ਗਈ।

ਇਸ ਨੈਸ਼ਨਲ ਲੋਕ ਅਦਾਲਤ ਦੌਰਾਨ ਅਦਾਲਤਾਂ ਵਿੱਚ ਲੰਬਿਤ ਕੇਸਾਂ ਅਤੇ ਅਜੇ ਤੱਕ ਅਦਾਲਤ ਵਿੱਚ ਦਾਇਰ ਨਾ ਹੋਏ ਪ੍ਰੀ-ਲੀਟੀਗੇਟਿਵ ਕੇਸਾਂ ਜਿਵੇਂ ਕਿ 138 ਐੱਨ.ਆਈ.ਐਕਟ, ਮੋਟਰ ਦੁਰਘਟਨਾ ਦਾਵੇ, ਵਿਵਾਹਿਕ ਝਗੜੇ, ਮਨੀ ਰਿਕਵਰੀ, ਬਿਜਲੀ-ਪਾਣੀ ਬਿੱਲ, ਤਨਖਾਹ-ਭੱਤਾ ਆਦਿ ਮਾਮਲਿਆਂ ਨੂੰ ਸੁਣਿਆ ਗਿਆ।

ਜ਼ਿਲ੍ਹਾ ਪੱਧਰ 'ਤੇ 39 ਅਤੇ ਉਪ ਮੰਡਲ ਪੱਧਰ 'ਤੇ 10 ਬੈਂਚਾਂ ਦੀ ਸਥਾਪਨਾ ਕੀਤੀ ਗਈ, ਜਿਨ੍ਹਾਂ ਦੀ ਅਗਵਾਈ ਨਿਆਂਇਕ ਅਧਿਕਾਰੀ ਸਾਹਿਬਾਨ ਵੱਲੋਂ ਕੀਤੀ ਗਈ।

ਇਸ ਮੁਹਿੰਮ ਤਹਿਤ ਕੁੱਲ 96272 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 234.41 ਕਰੋੜ ਰੁਪਏ (2,34,41,63,089/-) ਦੇ ਐਵਾਰਡ ਜਾਰੀ ਕੀਤੇ ਗਏ।

ਸ੍ਰੀਮਤੀ ਸੁਮਿਤ ਸੱਭਰਵਾਲ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਲੋਕ ਅਦਾਲਤ ਰਾਹੀਂ ਕੇਸਾਂ ਦੇ ਨਿਪਟਾਰੇ ਲਈ ਲੋਕਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ 'ਚ:

ਕੋਰਟ ਫੀਸ ਵਾਪਸ ਕੀਤੀ ਜਾਂਦੀ ਹੈ

ਦੋਹਾਂ ਧਿਰਾਂ ਦੀ ਧਨ ਅਤੇ ਸਮੇਂ ਦੀ ਬਚਤ ਹੁੰਦੀ ਹੈ

ਆਪਸੀ ਦੁਸ਼ਮਣੀ ਘੱਟਦੀ ਅਤੇ ਪਿਆਰ ਵਧਦਾ ਹੈ

ਅਤੇ ਐਸੇ ਫੈਸਲੇ ਖ਼ਿਲਾਫ ਅਪੀਲ ਨਹੀਂ ਹੁੰਦੀ, ਜਿਸ ਨਾਲ ਝਗੜਾ ਸਦਾ ਲਈ ਮੁਕ ਜਾਂਦਾ ਹੈ


ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੇ ਸਮੇਂ ਵੀ ਲੋਕ ਅਦਾਲਤ ਰਾਹੀਂ ਆਪਣੇ ਕੇਸ ਨਿਪਟਵਾ ਕੇ ਛੇਤੀ ਅਤੇ ਸਸਤਾ ਨਿਆਂ ਲੈਣ।

ਇਸ ਮੌਕੇ ਉਪਸਥਿਤ ਵਿਅਕਤੀਆਂ ਵਿੱਚ ਵਿਪਨ ਸੱਗੜ (ਪ੍ਰਧਾਨ), ਹਿਮਾਂਸ਼ੂ ਵਾਲੀਆ (ਸੈਕਟਰੀ), ਮਯੰਕ ਚੌਪੜਾ (ਜੁਆਇੰਟ ਸੈਕਟਰੀ), ਜ਼ਿਲ੍ਹਾ ਬਾਰ ਲੁਧਿਆਣਾ, ਵਰਿੰਦਰਜੀਤ ਸਿੰਘ ਰੰਧਾਵਾ (ਚੀਫ, ਲੀਗਲ ਏਡ ਡਿਫੈਂਸ ਕੌਸਲ), ਰਜਨੀਸ਼ ਲਖਨਪਾਲ (ਪੈਨਲ ਐਡਵੋਕੇਟ) ਆਦਿ ਵੀ ਸ਼ਾਮਿਲ ਸਨ

4
26 views