logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਿੱਖਿਆ ਵਿਭਾਗ ਦਾ ਵਿੱਦਿਅਕ ਕੈਲੰਡਰ ਗੜਬੜਾਇਆ


ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨ ਵਿੱਚ ਕੋਈ ਤਾਲਮੇਲ ਨਹੀਂ, ਜਾਣਬੁੱਝ ਕੇ ਵਿਦਿਅਰਥੀਆਂ ਅਤੇ ਅਧਿਆਪਕਾਂ ਨੂੰ ਕਰ ਰਿਹਾ ਮਾਨਸਿਕ ਪ੍ਰੇਸ਼ਾਨ: ਡੀ ਟੀ ਐੱਫ

ਗੁਰਾਇਆ :-ਸਕੂਲਾਂ ਅੰਦਰ ਇੱਕੋ ਸਮੇਂ ਸਕੂਲੀ ਖੇਡਾਂ ਅਤੇ ਸਤੰਬਰ ਟੈਸਟ ਹੋਣ ਕਾਰਨ ਜਿੱਥੇ ਬੱਚੇ ਅਤੇ ਅਧਿਆਪਕ ਪ੍ਰੇਸ਼ਾਨ ਹਨ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਕੜੇ ਅਧਿਆਪਕਾਂ ਨੂੰ ਬੀ ਐਲ ਓ ਦੀਆਂ ਡਿਊਟੀਆਂ ਦੇ ਕੇ ਤੁਰੰਤ ਐਸ ਆਰ ਆਈ ਵੋਟਰ ਵੈਰੀਫਿਕੇਸ਼ਨ ਕਰਨ ਦੇ ਹੁਕਮ ਚਾੜ੍ਹੇ ਹੋਏ ਹਨ। ਜਿਸ ਨੇ ਜਿੱਥੇ ਸਕੂਲਾਂ ਅੰਦਰ ਵਿੱਦਿਅਕ ਅਸੰਤੁਲਨ ਪੈਦਾ ਕੀਤਾ ਹੋਇਆ ਹੈ, ਉੱਥੇ ਬੱਚੇ ਅਤੇ ਅਧਿਆਪਕ ਇੱਕੋ ਸਮੇਂ ਵੱਖ-ਵੱਖ ਕੰਮਾਂ ਅਤੇ ਗਤੀਵਿਧੀਆਂ ਦੇ ਬੋਝ ਕਾਰਨ ਮਾਨਸਿਕ ਤਣਾਅ ਅਤੇ ਪ੍ਰੇਸ਼ਾਨੀ ਵਿੱਚੋਂ ਗੁਜਰ ਰਹੇ ਹਨ। ਡੈਮੋਕਰੇਟਿਕ ਟੀਚਰਸ ਫਰੰਟ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ, ਸਕੱਤਰ ਅਵਤਾਰ ਲਾਲ, ਸੀਨੀਅਰ ਮੀਤ ਪ੍ਰਧਾਨ ਵਿਸ਼ਵ ਭਾਨੂੰ ਸ਼ਰਮਾ ਅਤੇ ਮੀਤ ਪ੍ਰਧਾਨ ਨਵਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਸੈਂਟਰ ਪੱਧਰੀ ਖੇਡਾਂ ਚੱਲ ਰਹੀਆਂ ਹਨ, ਸੈਕੰਡਰੀ ਸਕੂਲਾਂ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲੇ ਚੱਲ ਰਹੇ ਹਨ। ਦੂਜੇ ਪਾਸੇ ਵਿਭਾਗ ਵੱਲੋਂ ਨਾਲ ਹੀ ਸਤੰਬਰ ਟੈਸਟ ਸ਼ੁਰੂ ਕਰ ਦਿੱਤੇ ਹਨ। ਜਿਸ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਭੰਬਲਭੂਸਾ ਪੈਦਾ ਕਰ ਦਿੱਤਾ ਹੈ।ਵਿਦਿਆਰਥੀ ਪ੍ਰੇਸ਼ਾਨ ਹਨ ਕਿ ਉਹ ਖੇਡਾਂ ਦੀ ਤਿਆਰੀ ਕਰਨ ਜਾਂ ਪੇਪਰਾਂ ਦੀ। ਹੋਰ ਤਾਂ ਹੋਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਕੜੇ ਦੇ ਅਧਿਆਪਕਾਂ ਨੂੰ ਨਾਲ ਹੀ ਬੀ ਐਲ ਓ ਦੀਆਂ ਡਿਊਟੀਆਂ ਦੇ ਕੇ ਤੁਰੰਤ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ। ਜਿਸ ਨਾਲ ਅਧਿਆਪਕ ਬੇਹੱਦ ਮਾਨਸਿਕ ਤਣਾਅ ਅਤੇ ਪ੍ਰੇਸ਼ਾਨੀ ਵਿੱਚੋਂ ਗੁਜਰ ਰਹੇ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸੇ ਵੀ ਤਾਲਮੇਲ ਵਿੱਚ ਨਹੀਂ ਚੱਲ ਰਹੇ। ਜਿਸ ਦਾ ਖਮਿਆਜ਼ਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਕੋ ਸਮੇਂ ਖੇਡਾਂ, ਸਤੰਬਰ ਪੇਪਰਾਂ ਅਤੇ ਬੀ ਐਲ ਓ, ਸੁਪਰਵਾਈਜ਼ਰ, ਉੱਲਾਸ ਡਿਊਟੀਆਂ ਅਧਿਆਪਕਾਂ ਉੱਪਰ ਥੋਪ ਕੇ ਸਰਕਾਰ ਅਤੇ ਪ੍ਰਸ਼ਾਸਨ ਜਾਣ ਬੁੱਝ ਕੇ ਅਧਿਆਪਕਾਂ ਅਤੇ ਬੱਚਿਆਂ ਨੂੰ ਪੜ੍ਹਾਈ ਤੋਂ ਪਾਸੇ ਕਰਨ ਲੱਗਿਆ ਹੋਇਆ ਹੈ।

ਇਸ ਸਮੇਂ ਵਿੱਤ ਸਕੱਤਰ ਅੰਮ੍ਰਿਤਪਾਲ ਸਿੰਘ, ਗੌਰਵ ਕੁਮਾਰ, ਅਮਨਦੀਪ ਸਿੰਘ ਅਤੇ ਨਰਿੰਦਰ ਪਾਲ ਨੇ ਕਿਹਾ ਕਿ ਪਹਿਲਾਂ ਬਾਰਿਸ਼ ਅਤੇ ਹੜ੍ਹਾਂ ਕਾਰਨ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਨ ਪੜ੍ਹਾਈ ਦਾ ਕੰਮ ਕਾਫੀ ਪਛੜ ਗਿਆ ਸੀ, ਜਿਸ ਲਈ ਵਿਦਿਅਰਥੀਆਂ ਦੀ ਪੜ੍ਹਾਈ ਲੀਹ 'ਤੇ ਲਿਆਉਣ ਲਈ ਲਗਾਤਾਰ ਪੜ੍ਹਨ ਦਾ ਮਹੌਲ ਬਣਾਉਣ ਦੀ ਲੋੜ ਸੀ। ਪਰ ਸਿੱਖਿਆ ਵਿਭਾਗ ਦੀ ਇਸ ਪ੍ਰਤੀ ਕੋਈ ਫ਼ਿਕਰਮੰਦੀ ਨਜ਼ਰ ਨਹੀਂ ਆਉਂਦੀ।

ਜੇਕਰ ਵਿਭਾਗ ਬੱਚਿਆਂ ਪ੍ਰਤੀ ਸੰਜੀਦਾ ਹੁੰਦਾ ਤਾਂ ਉਹ ਖੇਡਾਂ ਦੇ ਸਮੇਂ ਦੌਰਾਨ ਪੇਪਰਾਂ ਅਤੇ ਬੀ ਐਲ ਓ ਜਿਹੀਆਂ ਡਿਊਟੀਆਂ ਦਾ ਸਮਾਂ ਅੱਗੇ ਪਿੱਛੇ ਕਰ ਸਕਦਾ ਸੀ। ਪ੍ਰੰਤੂ ਨਾ ਵਿਭਾਗ ਇਸ ਪ੍ਰਤੀ ਚਿੰਤਤ ਹੈ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ। ਇੱਕ ਤੋਂ ਬਾਅਦ ਦੂਜੇ ਅਤੇ ਫਿਰ ਤੀਜੇ ਕੰਮ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਪਰੇਸ਼ਾਨੀਆਂ ਵਿੱਚ ਵਾਧਾ ਕੀਤਾ ਹੈ। ਇਸ ਨਾਲ ਜਿੱਥੇ ਸਕੂਲੀ ਸਿੱਖਿਆ ਦਾ ਮਾਹੌਲ ਵਿਗੜ ਗਿਆ ਹੈ। ਉੱਥੇ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਦਿੱਤੇ ਕੰਮਾਂ ਦੇ ਬੋਝ ਕਾਰਨ ਅਧਿਆਪਕ ਵੀ ਡਾਢੇ ਪ੍ਰੇਸ਼ਾਨ ਹਨ ਕਿ ਕਿਹੜੇ ਕੰਮਾਂ ਨੂੰ ਪਹਿਲ ਦੇ ਅਧਾਰ 'ਤੇ ਕੀਤਾ ਜਾਵੇ। ਉਹਨਾਂ ਸਰਕਾਰ ਅਤੇ ਵਿਭਾਗ ਤੋਂ ਮੰਗ ਕੀਤੀ ਕਿ ਜਦੋਂ ਸਕੂਲਾਂ ਅੰਦਰ ਪੂਰਾ ਸਾਲ ਖੇਡਾਂ ਦੀ ਤਿਆਰੀ ਕਰ ਰਹੇ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਤੱਕ ਸਮੁੱਚੇ ਵਿਦਿਆਰਥੀ ਅਤੇ ਅਧਿਆਪਕ ਖੇਡਾਂ ਵਿੱਚ ਰੁਝੇ ਹੋਏ ਹਨ ਤਾਂ ਵਿਭਾਗ ਵੱਲ਼ੋਂ ਬਿਨਾਂ ਕਿਸੇ ਤਾਲਮੇਲ ਦੇ ਸਤੰਬਰ ਪੇਪਰਾਂ ਦਾ ਸਮਾਂ ਖੇਡਾਂ ਤੋਂ ਬਾਅਦ ਕੀਤਾ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਕੜੇ ਬੀ ਐਲ ਓ ਅਧਿਆਪਕਾਂ ਨੂੰ ਐਸ ਆਰ ਆਈ ਵੋਟਰਾਂ ਦੀ ਵੈਰੀਫਿਕੇਸ਼ਨ ਸਬੰਧੀ ਦਿੱਤੇ ਹੁਕਮ ਵੀ ਵਾਪਸ ਲਏ ਜਾਣ ਅਤੇ ਇਸ ਕੰਮ ਦਾ ਸਮਾਂ ਪੇਪਰਾਂ ਅਤੇ ਖੇਡਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ।

ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਇਨਾ ਹੁਕਮਾਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।


2945 views

Comment
  • Buta Singh Rana

    Sir मैं गढ़शंकर से 9914934334