logo

ਆਖਰੀ ਸ਼ਹਿਜ਼ਾਦੀ

29 ਸਤੰਬਰ 1869 ਵਾਲੇ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਖ਼ਾਨਦਾਨ ਦੇ ਆਖਰੀ ਚਿਰਾਗ,ਸ਼ਹਿਜ਼ਾਦੀ 'ਬੰਬਾ ਸੋਫੀਆ ਜਿੰਦਾ ਦਲੀਪ ਸਿੰਘ” ਦਾ ਜਨਮ ਲੰਡਨ ਵਿਖੇ ਹੋਇਆ:
ਗੁਰਦੀਪ ਸਿੰਘ ਜਗਬੀਰ ( ਡਾ.)
29 ਸਤੰਬਰ 1869 ਵਾਲੇ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਖਰੀ ਚਿਰਾਗ ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਦੀ ਆਖ਼ਰੀ ਨਿਸ਼ਾਨੀ, ਉਨ੍ਹਾਂ ਦੀ ਵੱਡੀ ਸਪੁੱਤਰੀ,ਸ਼ਹਿਜ਼ਾਦੀ 'ਬੰਬਾ ਸੋਫੀਆ ਜਿੰਦਾ ਦਲੀਪ ਸਿੰਘ” ਦਾ ਜਨਮ ਲੰਡਨ ਵਿਖੇ ਹੋਇਆ ਸੀ।
ਸ਼ਹਿਜ਼ਾਦੀ ਬੰਬਾ ਦੀ ਜ਼ਿੰਦਗੀ ਵੀ ਆਪਣੇ ਪਿਤਾ ਮਹਾਰਜਾ ਦਲੀਪ ਸਿੰਘ ਹੁਣਾਂ ਦੇ ਵਾਂਗ ਬਹੁਤ ਹੀ ਸੰਘਰਸ਼ੀਲ, ਅਤੇ ਦੁੱਖ ਭਰੇ ਹਾਲਾਤਾਂ ਵਿੱਚ ਗੁਜ਼ਰੀ ਸੀ।
ਸ਼ਹਿਜ਼ਾਦੀ ਬੰਬਾ ਤੋੰ ਪਹਿਲਾ ਮਹਾਰਾਜਾ ਦਲੀਪ ਸਿੰਘ ਦੇ ਗ੍ਰਹਿ ਵਿਕਟਰ ਦਲੀਪ ਸਿੰਘ ਅਤੇ ਫੈਡਰਿੱਕ ਦਲੀਪ ਸਿੰਘ ਦਾ ਜਨਮ ਹੋ ਚੁੱਕਾ ਸੀ। ਸ਼ਹਿਜ਼ਾਦੀ ਦਾ ਪੂਰਾ ਨਾਮ “ਬੰਬਾ ਸੋਫੀਆ ਜਿੰਦਾ ਦਲੀਪ ਸਿੰਘ” ਰੱਖਿਆ ਗਿਆ ਸੀ।ਸੋਫੀਆ ਉਸ ਦੀ ਨਾਨੀ ਦਾ ਨਾਂ ਸੀ ਅਤੇ,ਉਸ ਦੀ ਦਾਦੀ ਦੇ ਨਾਂ ਜਿੰਦਾ ਸੀ ਇੰਜ ਉਸਦੀ ਨਾਨੀ ਅਤੇ ਉਸਦੀ ਦਾਦੀ ਭਾਵ ਦੋਨਾਂ ਦੇ ਨਾਂਵਾਂ ਨੂੰ ਮਿਲਾ ਕੇ ਸ਼ਹਿਜ਼ਾਦੀ ਦਾ ਨਾਂ ਰੱਖਿਆ ਗਿਆ ਸੀ। ਸ਼ਹਿਜ਼ਾਦੀ ਬੰਬਾ ਦੀ ਛੋਟੀ ਭੈਣ ਸ਼ਹਿਜ਼ਾਦੀ ਸੋਫੀਆ ਇੰਗਲੈਂਡ’ਚ ਔਰਤਾਂ ਦੇ ਹੱਕਾਂ ਲਈ ਕੀਤੇ ਸੰਘਰਸ਼ ਲਈ ਜਾਣੀ ਜਾਂਦੀ ਹੈ।ਸ਼ਹਿਜ਼ਾਦੀ ਬੰਬਾ ਸੋਫੀਆ ਜਿੰਦਾ ਦਲੀਪ ਸਿੰਘ” ਦੇ ਜੀਵਨ ਵਿਚ, ਉਸ ਤੋੰ ਪਹਿਲਾਂ ਹੀ ਉਸ ਦੇ ਸਾਰੇ ਭੈਣ-ਭਰਾ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਚੁੱਕੇ ਸਨ।
ਮਹਾਰਾਜ ਦਲੀਪ ਸਿੰਘ ਦੇ ਦੇਹਾਂਤ ਤੋੰ ਬਾਅਦ ਬੰਬਾ ਸੋਫੀਆ ਜਿੰਦਾ ਦਲੀਪ ਸਿੰਘ ਦੇ ਮਨ ਵਿੱਚ ਆਪਣੇ ਖੁੱਸ ਚੁੱਕੇ ਰਾਜ-ਭਾਗ ਅਤੇ ਆਪਣੇ ਪਿਤਾ ਦੇ 'ਦੇਸ ਪੰਜਾਬ' ਪ੍ਰਤੀ ਖਿੱਚ,ਉਸ ਨੂੰ ਹੋਰ ਉਦਾਸ ਕਰ ਜਾਂਦੀ ਸੀ। ਆਖਰ ਉਸ ਨੇ ਆਪਣੇ ਪਿਤਾ ਪੁਰਖੀ ਆਪਣੇ ਦੇਸ ਪੰਜਾਬ ਦੀ ਧਰਤੀ’ਤੇ ਜਾਣ ਦਾ ਮਨ ਬਣਾ ਲਿਆ। ਉਹ ਅਾਪਣੀ ਇੱਕ ਦੋਸਤ ਮੈਰੀ ਐਨਟੋਨਿਨਟੇਅ ਜੋਕੇ ਹੰਗਰੀ ਮੂਲ ਦੀ ਸੀ, ਦੇ ਨਾਲ ਪੰਜਾਬ ਲਈ ਰਵਾਨਾ ਹੋ ਗਈ। ਪੰਜਾਬ ਦੀ ਖੁੱਲੀ ਫਿਜ਼ਾ ਨੇ ਦੋਨਾਂ ਦਾ ਮਨ ਹੋਰ ਮੋਹ ਲਿਆ।ਸ਼ਹਿਜ਼ਾਦੀ ਦੀ ਸਾਥਣ ਮੈਰੀ ਐਨਟੋਨਿਨਟੇਅ ਨੇ ਇੱਕ ਸਿੱਖ ਨੌਜਵਾਨ ਸਰਦਾਰ ਉਮਰਾਓ ਸਿੰਘ ਸ਼ੇਰਗਿੱਲ ਦੇ ਨਾਲ ਵਿਆਹ ਕਰਾ ਲਿਆ ਅਤੇ ਇਹ ਦੋਨੋ ਹੰਗਰੀ ਪੁੱਜ ਕੇ ਉਥੇ ਹੀ ਸੈਟਲ ਹੋ ਗਏ।
ਸ਼ਹਿਜ਼ਾਦੀ ਬੰਬਾ ਨੇ ਇਸ ਅਹਿਸਾਸ ਦੇ ਨਾਲ ਲਾਹੋਰ ਵਸਣ ਦਾ ਫੈਸਲਾ ਕੀਤਾ ਕੇ ਇਹ ਧਰਤੀ ਉਸ ਦੀ ਆਪਣੀ ਹੈ ਜਿੱਥੇ ਉਸਦੇ ਦਾਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਦੇ ਰਾਜ ਹੁੰਦਾ ਸੀ। ਸ਼ਹਿਜ਼ਾਦੀ ਬੰਬਾ ਸੋਫੀਆ ਜਿੰਦਾ ਦਲੀਪ ਸਿੰਘ” ਨੇ ਲਾਹੌਰ ਦੇ ਮਾਡਨ ਟਾਊਨ ਵਿਖੇ ਆਪਣੇ ਰਹਿਣ ਦੇ ਲਈ ਇੱਕ ਆਲੀਸ਼ਾਨ ਬੰਗਲਾ ਖ਼ਰੀਦਿਆ। ਅਤੇ ਇਸ ਬੰਗਲੇ ਦਾ ਨਾਮ ਸ਼ਹਿਜ਼ਾਦੀ ਬੰਬਾ ਨੇ “ਗੁਲਜ਼ਾਰ” ਰੱਖਿਆ।ਇਸ ਬੰਗਲੇ ਦੇ ਬਗੀਚੇ ਵਿੱਚ ਉਸ ਨੇ ਗੁਲਾਬ ਦੇ ਫੁੱਲਾਂ ਦਾ ਇਕ ਖੂਬਸੂਰਤ ਬਾਗ਼ ਲਗਵਾਇਆ। ਸਾਲ 1915 ਦੇ ਦੌਰਾਨ ਲਾਹੌਰ ਦੇ ਵਿੱਚ ਹੀ ਸ਼ਹਿਜ਼ਾਦੀ ਬੰਬਾ ਨੇ, ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿਸੀਪਲ ਡਾ: ਡੈਵਿਡ ਵਾਟਰਜ਼ ਸਦਰਲੈਂਡ ਦੇ ਨਾਲ ਵਿਆਹ ਕਰਵਾ ਲਿਆ।
ਮਹਾਰਾਣੀ ਜਿੰਦਾ ਦੀ ਖਾਹਿਸ਼ ਸੀ ਕਿ ਉਸ ਦਾ ਸਸਕਾਰ ਪੰਜਾਬ ਦੇ ਵਿੱਚ ਹੋਵੇ। ਮਹਾਰਾਜਾ ਦਲੀਪ ਸਿੰਘ ਨੂੰ ਗੋਰੀ ਸਰਕਾਰ ਨੇ ਇਹ ਇਜ਼ਾਜਤ ਨਹੀਂ ਦਿੱਤੀ ਸੀ।ਪਰ ਮਹਾਰਾਣੀ ਜਿੰਦਾ ਦੀ ਪੋਤਰੀ ਸ਼ਹਿਜ਼ਾਦੀ ਬੰਬਾ ਨੇ ਆਪਣੀ ਦਾਦੀ ਦੀ ਇਹ ਖਾਹਿਸ਼ ਪੂਰੀ ਕੀਤੀ। ਸ਼ਹਿਜ਼ਾਦੀ ਬੰਬਾ ਅੰਗ੍ਰੇਜ਼ਾਂ ਦੇ ਵਿਰੋਧ ਦੇ ਬਾਵਜੂਦ ਨਾਸਿਕ ਗਈ ਅਤੇ ਉਥੇ ਮਹਾਰਾਣੀ ਜਿੰਦਾ ਦੀ ਸਮਾਧ ਨੂੰ ਪੂਰੇ ਸਤਿਕਾਰ ਦੇ ਨਾਲ ਪੁੱਟਵਾਇਆ ਅਤੇ ਆਪਣੀ ਦਾਦੀ ਦੀਆਂ ਅਸਥੀਆਂ ਲਿਆ ਕੇ ਲਾਹੌਰ ਵਿੱਚ ਆਪਣੇ ਦਾਦੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਨਾਲ ਉਹਨਾਂ ਅਸਥੀਆਂ ਨੂੰ ਦਫ਼ਨਾ ਦਿੱਤਾ।
ਸ਼ਹਿਜ਼ਾਦੀ ਬੰਬਾ ਆਪਣੇ ਆਖ਼ਰੀ ਸਾਹਾਂ ਤੱਕ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ ਦੇ ਵਿੱਚ ਹੀ ਰਹੀ। ਉਹ ਲਾਹੌਰ ਦੀਆਂ ਗਲੀਆਂ ਵਿਚ ਘੁੰਮਦੀ ਹੋਈ, ਸੋ ਸਾਲ ਪੁਰਾਣੇ ਉਸ ਕਿਲ੍ਹੇ ਵਿੱਚ ਚਲੀ ਜਾਂਦੀ ਜਿੱਥੇ ਬੈਠ ਕੇ ਕਦੇ ਪੰਜ ਦਰਿਆਵਾਂ ਦਾ ਮਹਾਰਾਜਾ, ਆਪਣਾ ਦਰਬਾਰ ਸਜਾ ਕੇ ਹਰ ਇੱਕ ਨੂੰ ਇਨਸਾਫ ਦਿਆ ਕਰਦਾ ਸੀ। ਉਹ ਆਪਣੇ ਰਾਜ ਦੀ ਬਾਦਸ਼ਾਹਤ ਨੂੰ ਮਹਿਸੂਸ ਕਰਦੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਵੱਲ ਦੇਖ ਅੱਖਾਂ ਭਰ ਕੇ ਹਾਉਂਕੇ ਲੈੰਦੀ।
1939 ਸਾਲ ਦੇ ਦੌਰਾਨ ਸ਼ਹਿਜ਼ਾਦੀ ਦੇ ਪਤੀ ਡਾ: ਸਦਰਲੈਂਡ ਦਾ ਦੇਹਾਂਤ ਹੋ ਗਿਆ।ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਉਹ ਬਿਲਕੁਲ ਇਕੱਲੀ ਹੋ ਗਈ ਸੀ।ਉਹ ਇੱਕਲੀ ਹੀ ਲਾਹੌਰ ਦੇ ਵਿੱਚ ਇੱਕ ਗੁੰਮਨਾਮ ਜਿੰਦਗੀ ਬਤੀਤ ਕਰਦੀ ਰਹੀ। ਲਾਹੌਰ ਸ਼ਹਿਰ ਜੌ ਕਲ ਤਕ ਉਸ ਦੇ ਵੱਡੇ ਵਡੇਰਿਆਂ ਦੀ ਬਾਦਸ਼ਾਹਤ ਦੀ ਰਾਜਧਾਨੀ ਦੀ ਅੱਜ ਉਥੇ ਉਸ ਹੀ ਮਹਾਰਾਜੇ ਦੀ ਆਖਰੀ ਨਿਸ਼ਾਨੀ ਨੂੰ ਪਹਿਚਾਨਣ ਵਾਲਾ ਵੀ ਕੋਈ ਨਹੀਂ ਸੀ।
ਆਖਰ ਆਪਣੇ ਪਿਤਾ ਮਹਾਰਾਜਾ ਦਲੀਪ ਸਿੰਘ ਵਾਂਗ ਆਪਣੇ ਦਾਦੇ ਦੇ ਲੁੱਟੇ ਹੋਏ ਦੇਸ ਪੰਜਾਬ ਨੂੰ ਆਜ਼ਾਦ ਦੇਖਣ ਦੀ ਖਾਹਿਸ਼ ਆਪਣੇ ਦਿਲ ਦੇ ਵਿੱਚ ਲੈਕੇ,ਗੁਮਨਾਮ ਜਿੰਦਗੀ ਦੀ ਇਸ ਹਸੀਨ ਵਾਰਿਸ, ਸ਼ਹਿਜਾਦੀ ਬੰਬਾ ਨੇ 10 ਮਾਰਚ 1957 ਵਾਲੇ ਦਿਨ ਲਾਹੌਰ ਵਿੱਚ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਸ਼ਹਿਜ਼ਾਦੀ ਬੰਬਾ ਦਾ ਅੰਤਿਮ ਸੰਸਕਾਰ ਇੰਗਲੈਂਡ ਦੇ ਸਫਾਰਤਖਾਨੇ ਵੱਲੋੰ ਲਾਹੌਰ ਦੇ ਵਿਚ ਇਸਾਈਆਂ ਦੇ ਕਬਰਿਸਤਾਨ ਵਿੱਚ ਕਰ ਦਿੱਤਾ ਗਿਆ ਜਿਥੇ ਉਸ ਦੀ ਯਾਦਗਾਰ ਮੌਜ਼ੂਦ ਹੈ।ਸ਼ਹਿਜ਼ਾਦੀ ਦਾ ਅੰਤਿਮ ਸੰਸਕਾਰ’ਚ ਇੱਕ ਵੀ ਸਿੱਖ ਸ਼ਾਮਲ ਨਹੀਂ ਹੋ ਸਕਿਆ।

12
1535 views