logo

ਚੰਡੀਗੜ੍ਹ ਵਿੱਚ ਮਨੁੱਖੀ ਤਸਕਰੀ ‘ਤੇ ਰਾਜ ਪੱਧਰੀ ਵਿਚਾਰ-ਵਟਾਂਦਰਾ, ਅੰਤਰਰਾਜੀ ਅਤੇ ਅੰਤਰ-ਏਜੰਸੀ ਤਾਲਮੇਲ ਦੀ ਲੋੜ ‘ਤੇ ਜ਼ੋਰ

ਚੰਡੀਗੜ੍ਹ/ਅੰਮ੍ਰਿਤਸਰ, 30 ਸਤੰਬਰ 2025 (ਅਭਿਨੰਦਨ ਸਿੰਘ)

ਪੰਜਾਬ ਪੁਲਿਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਵੱਲੋਂ ਜਸਟ ਰਾਈਟਸ ਫਾਰ ਚਿਲਡਰਨ ਦੇ ਸਹਿਯੋਗ ਨਾਲ ਸਟੇਟ ਜੁਡੀਸ਼ੀਅਲ ਅਕੈਡਮੀ, ਚੰਡੀਗੜ੍ਹ ਵਿਖੇ ਮਨੁੱਖੀ ਤਸਕਰੀ ‘ਤੇ ਇੱਕ ਰਾਜ ਪੱਧਰੀ ਵਿਚਾਰ-ਵਟਾਂਦਰਾ ਆਯੋਜਿਤ ਕੀਤਾ ਗਿਆ। ਇਸ ਵਿਚਾਰ-ਵਟਾਂਦਰੇ ਵਿੱਚ ਪੁਲਿਸ, ਵੱਖ-ਵੱਖ ਸਰਕਾਰੀ ਵਿਭਾਗਾਂ, ਕਮਿਸ਼ਨਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਉਦਘਾਟਨੀ ਭਾਸ਼ਣ ਦੌਰਾਨ ਡੀ.ਜੀ.ਪੀ. ਪੰਜਾਬ ਨੇ ਕਿਹਾ ਕਿ ਤਸਕਰੀ ਇੱਕ ਗੰਭੀਰ ਅਤੇ ਸ਼ੋਸ਼ਣਕਾਰੀ ਅਪਰਾਧ ਹੈ ਜੋ ਕਮਜ਼ੋਰ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਅਤੇ ਇਸਦੇ ਲੰਬੇ ਸਮੇਂ ਦੇ ਵਿਨਾਸ਼ਕਾਰੀ ਨਤੀਜੇ ਨਿਕਲਦੇ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਖਤਰੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਪੁਲਿਸ, ਕਿਰਤ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਗੈਰ-ਸਰਕਾਰੀ ਸੰਗਠਨਾਂ ਵਿਚਕਾਰ ਅੰਤਰਰਾਜੀ ਅਤੇ ਅੰਤਰ-ਏਜੰਸੀ ਤਾਲਮੇਲ ਬਹੁਤ ਜ਼ਰੂਰੀ ਹੈ।

ਵਿਚਾਰ-ਵਟਾਂਦਰੇ ਦੌਰਾਨ ਸੀਨੀਅਰ ਅਧਿਕਾਰੀਆਂ, ਰੇਲਵੇ ਸੁਰੱਖਿਆ ਬਲ, ਰਾਜਸਥਾਨ ਪੁਲਿਸ, ਯੂ.ਆਈ.ਡੀ.ਏ.ਆਈ ਅਤੇ ਪੰਜਾਬ ਰਾਜ ਮਹਿਲਾ ਅਤੇ ਬਾਲ ਕਮਿਸ਼ਨ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵੱਲੋਂ ਮਨੁੱਖੀ ਤਸਕਰੀ ਦਾ ਮੁਕਾਬਲਾ ਕਰਨ ਲਈ ਕਾਨੂੰਨ ਦੀ ਪਾਲਣਾ, ਸਾਈਬਰ ਨਿਗਰਾਨੀ, ਮਜ਼ਬੂਤ ਲਾਗੂਕਰਨ ਅਤੇ ਜਨਤਕ ਜਾਗਰੂਕਤਾ ਨੂੰ ਮਹੱਤਵਪੂਰਨ ਸਾਧਨ ਵਜੋਂ ਦਰਸਾਇਆ ਗਿਆ।

ਇਸ ਮੌਕੇ ਤੇ ਇਕੱਠੇ ਕੀਤੇ ਗਏ ਸੁਝਾਵਾਂ ਨੂੰ ਆਉਣ ਵਾਲੀ ਕਾਰਵਾਈ ਯੋਜਨਾ ਵਿੱਚ ਸ਼ਾਮਲ ਕਰਕੇ ਮਨੁੱਖੀ ਤਸਕਰੀ ਦੇ ਖਿਲਾਫ਼ ਹੋਰ ਪ੍ਰਭਾਵਸ਼ਾਲੀ ਉਪਰਾਲੇ ਕਰਨ ਦਾ ਭਰੋਸਾ ਦਿੱਤਾ ਗਿਆ।

0
103 views