ਬਲਾਕ ਦੀਨਾਨਗਰ-2 ਦੇ ਕਲਸਟਰ ਡਾਲਾ ਅਧੀਨ ਆਉਂਦੇ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਦੀ ਇੱਕ ਰੋਜ਼ਾ ਟਰੇਨਿੰਗ
ਜਤਿੰਦਰ ਬੈਂਸਦੀਨਾਨਗਰ/ਗੁਰਦਾਸਪੁਰ, 4 ਅਕਤੂਬਰ ਸਿੱਖਿਆ ਬਲਾਕ ਦੀਨਾਨਗਰ-2 ਦੇ ਕਲਸਟਰ ਡਾਲਾ ਅਧੀਨ ਆਉਂਦੇ ਸਮੂਹ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਮੈਂਬਰਾਂ ਦੀ "ਸਕੂਲ ਦੀ ਤਰੱਕੀ ਸਭ ਦੀ ਜਿੰਮੇਵਾਰੀ" ਨਾਅਰੇ ਹੇਠ ਇੱਕ ਰੋਜ਼ਾ ਟਰੇਨਿੰਗ ਦਾ ਅਯੋਜਨ ਬਲਾਕ ਸਿੱਖਿਆ ਅਫ਼ਸਰ ਸ੍ਰੀ ਗੁਰਇਕਬਾਲ ਸਿੰਘ ਅਤੇ ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਰੇਣੂ ਬਾਲਾ ਦੀ ਮੇਜ਼ਬਾਨੀ ਹੇਠ ਸਰਕਾਰੀ ਪ੍ਰਾਇਮਰੀ (ਸੈਂਟਰ) ਸਕੂਲ ਡਾਲਾ ਵਿਖੇ ਕੀਤਾ ਗਿਆ।ਇਸ ਮੌਕੇ ਹਲਕਾ ਦੀਨਾਨਗਰ ਦੇ ਸਿੱਖਿਆ ਕੋਆਰਡੀਨੇਟਰ ਸ੍ਰੀ ਸੁਖਦੇਵ ਰਾਜ, ਸ੍ਰੀ ਜ਼ੈਲ ਸਿੰਘ, ਸ੍ਰੀ ਸੰਸਾਰ ਸਿੰਘ, ਰਿਟਾਇਰਡ ਹੈੱਡ ਮਾਸਟਰ ਜੁਗਲ ਕਿਸ਼ੋਰ, ਮਿਸ਼ਨ ਸਮਰੱਥ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੁਰਨਾਮ ਸਿੰਘ, ਸਿੱਖਿਆ ਵਰਕਰ ਸ੍ਰੀ ਰਾਜੇਸ਼ ਕੁਮਾਰ ਅਤੇ ਸਾਬ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਅਤੇ ਕਮੇਟੀ ਮੈਂਬਰਾਂ ਨਾਲ ਰੁਬਰੂ ਹੋਏ।ਬਲਾਕ ਸਿੱਖਿਆ ਅਫ਼ਸਰ ਸ੍ਰੀ ਗੁਰਇਕਬਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਦੇ ਟਰੇਨਿੰਗ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਤਾਂ ਜੋ ਕਮੇਟੀ ਮੈਂਬਰਾਂ ਦੀ ਸ਼ਮੂਲੀਅਤ ਨੂੰ ਸਕੂਲ ਦੇ ਵਿਕਾਸ ਕੰਮਾਂ ਵਿੱਚ ਹਿੱਸੇਦਾਰੀ ਨੂੰ ਯਕੀਨੀ ਬਣਾਇਆ ਜਾਵੇ।ਹਲਕਾ ਸਿੱਖਿਆ ਕੋਆਰਡੀਨੇਟਰ ਸ੍ਰੀ ਸੁਖਦੇਵ ਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਅਤੇ ਅਧਿਆਪਕਾਂ ਦੇ ਆਪਸੀ ਤਾਲਮੇਲ ਨਾਲ ਹੀ ਸਕੂਲ ਦੇ ਵਿਕਾਸ ਕੰਮ ਅਤੇ ਸਿੱਖਿਆ ਦੇ ਗੁਣਾਤਮਕ ਸੁਧਾਰ ਹੋ ਸਕਦੇ ਹਨ। ਉਹਨਾਂ ਨੇ ਕਿਹਾ ਕਿ ਕਮੇਟੀ ਮੈਂਬਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਸਕੂਲ ਦੇ ਵਿਕਾਸ ਕੰਮਾਂ ਅਤੇ ਦਾਖਲਾ ਵਧਾਉਣ ਵਿੱਚ ਆਪਣਾ ਯੋਗਦਾਨ ਦੇਣ। ਇਸ ਮੌਕੇ ਸਰਕਾਰੀ ਸਕੂਲਾਂ ਅੰਦਰ ਬੱਚਿਆਂ ਨੂੰ ਦੁਪਹਿਰ ਨੂੰ ਮਿਲਦੇ ਮਿਡ ਡੇ ਮੀਲ ਦੀ ਗੁਣਵੱਤਾ ਬਾਰੇ ਵੀ ਚਰਚਾ ਕੀਤੀ ਗਈ। ਉਹਨਾਂ ਨੇ ਕਿਹਾ ਕਿ ਹਜ਼ੂਰੀ ਹੈ ਕਿ ਹਰੇਕ ਮਹੀਨੇ ਅਧਿਆਪਕਾਂ ਅਤੇ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਮੀਟਿੰਗ ਕਰਕੇ ਸਕੂਲ ਦੇ ਬਿਹਤਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਜਿਸ ਤਰਾਂ ਪਿੰਡ ਦੇ ਵਿਕਾਸ ਲਈ ਗ੍ਰਾਮ ਪੰਚਾਇਤ ਕੰਮ ਕਰਦੀ ਹੈ ਉਸੇ ਤਰ੍ਹਾਂ ਹੀ ਸਕੂਲ ਮੈਨੇਜਮੈਂਟ ਮੈਨੇਜਮੈਂਟ ਕਮੇਟੀ ਦਾ ਕੰਮ ਵੀ ਸਕੂਲ ਨੂੰ ਬਿਹਤਰ ਬਣਾਉਣਾ ਹੈ।ਬਲਾਕ ਰਿਸੋਰਸ ਕੋਆਰਡੀਨੇਟਰ ਸ੍ਰੀ ਸੰਦੀਪ ਸ਼ਰਮਾ ਨੇ ਟ੍ਰੇਨਿੰਗ ਦੌਰਾਨ ਕਮੇਟੀ ਮੈਂਬਰਾਂ ਨੂੰ ਉਹਨਾਂ ਦੇ ਕਰਤਵਾਂ, ਹੱਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸ੍ਰੀ ਜੈਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਮੇਟੀ ਮੈਂਬਰ ਸਕੂਲ ਵਿੱਚ ਅਧਿਆਪਕ ਨਾਲ ਸਹਿਯੋਗ ਕਰਨ। ਉਹਨਾਂ ਨੇ ਕਿਹਾ ਕਿ ਅਧਿਆਪਕਾਂ ਅਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਹੀ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਨੇ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੱਕੜ ਯਾਦ ਵਿੱਚੋਂ ਵੀ ਬਾਹਰ ਨਿਕਲਣ ਅਤੇ ਆਪਣੇ ਬੱਚੇ ਸਰਕਾਰੀ ਸਕੂਲਾਂ ਅੰਦਰ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਿਸ਼ਨ ਸਮਰੱਥ ਦੇ ਜ਼ਿਲ੍ਾ ਕੋਆਰਡੀਨੇਟਰ ਸ੍ਰੀ ਗੁਰਨਾਮ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਵੱਖ ਵੱਖ ਪ੍ਰੋਜੈਕਟ ਚਲਾਏ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਦੀਨਾਨਗਰ-2 ਬਲਾਕ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਈਸਾਪੁਰ ਦੇ ਅਧਿਆਪਕਾਂ ਨੇ ਮਿਸਾਇਲ ਕਾਇਮ ਕੀਤੀ ਹੈ। ਉਨਾਂ ਦੀ ਅਣਥੱਕ ਮਿਹਨਤ ਸਦਕਾ ਬੱਚਿਆਂ ਨੂੰ ਬਿਹਤਰ ਪੜਾਈ ਦੇਣ ਲਈ ਸਕੂਲ ਨੂੰ ਸਟੇਟ ਪੱਧਰ 'ਤੇ ਚੰਡੀਗੜ੍ਹ ਵਿਖੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਵੱਖ-ਵੱਖ ਸ਼ਖਸ਼ੀਅਤਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਸਕੱਤਰ ਦੇ ਫਰਜ਼ ਅਧਿਆਪਕ ਸ੍ਰੀ ਸੰਦੀਪ ਸੈਣੀ ਨੇ ਬਾਖੂਬੀ ਨਿਭਾਏ। ਸੈਂਟਰ ਮੁੱਖ ਅਧਿਆਪਕਾ ਸ੍ਰੀਮਤੀ ਰੇਨੂ ਬਾਲਾ ਨੇ ਰੋਜ਼ਾਨਾ ਖਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਕਲੱਸਟਰ ਡਾਲਾ ਅਧੀਨ ਪੈਂਦੇ ਸਮੂਹ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਨੁਮਾਇੰਦਿਆਂ ਅਤੇ ਮੈਂਬਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਮੂਹ ਸਕੂਲਾਂ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ ਤੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਟਰੇਨਿੰਗ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੂੰ ਉਹਨਾਂ ਦੇ ਕਰਤਵਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦਾ ਇੱਕ ਕਿਤਾਬਚਾ ਵੀ ਵੰਡਿਆ ਗਿਆ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਸਕੂਲ ਮੁਖੀ ਅਤੇ ਅਧਿਆਪਕ ਵੀ ਹਾਜ਼ਰ ਸਨ।