logo

ਸਿੱਖਿਆ ਬਲਾਕ ਦੋਰਾਂਗਲਾ ਦੇ ਕਲਸਟਰ ਮਰਾੜਾ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਕਰਵਾਈ

ਜਤਿੰਦਰ ਬੈਂਸ
ਬਹਿਰਾਮਪੁਰ/ਗੁਰਦਾਸਪੁਰ, 4 ਅਕਤੂਬਰ
ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਮੁਹਿੰਮ ਦਾ ਤੀਜਾ ਦਿਨ ਅੱਜ ਸੈਂਟਰ ਮਰਾੜਾ ਅਧੀਨ ਆਉਂਦੇ ਸਾਰੇ ਸਕੂਲਾਂ ਲਈ ਸਮਰਪਿਤ ਰਿਹਾ। ਇਹ ਟ੍ਰੇਨਿੰਗ ਸੈਸ਼ਨ ਸਰਕਾਰੀ ਪ੍ਰਾਇਮਰੀ ਸਕੂਲ ਝਬਕਰਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ 150 ਤੋਂ ਵੱਧ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ।
ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀ ਨਰੇਸ਼ ਕੁਮਾਰ ਪਨਿਆੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਸਖਤ ਪ੍ਰੀਖਿਆਵਾਂ ਪਾਸ ਕਰਕੇ ਇੱਥੇ ਤੱਕ ਪਹੁੰਚਦੇ ਹਨ। ਉਨ੍ਹਾਂ ਦਾ ਸਿੱਖਣ ਦਾ ਅਨੁਭਵ ਅਤੇ ਸਮਰਪਣ ਕਾਬਿਲੇ-ਤਾਰੀਫ਼ ਹੈ।
ਉਨ੍ਹਾਂ ਕਿਹਾ, “ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਡੇ ਬੱਚਿਆਂ ਨੂੰ ਉਹ ਅਧਿਆਪਕ ਸਿੱਖਾ ਰਹੇ ਹਨ ਜਿਨ੍ਹਾਂ ਨੇ ਉੱਚ ਪੱਧਰ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹਨ। ਆਓ, ਅਸੀਂ ਸਾਰੇ ਮਿਲਕੇ ਆਪਣੇ ਸਕੂਲਾਂ ਦੀ ਨੁਹਾਰ ਬਦਲੀਏ ਤਾਂ ਜੋ ਹਰ ਬੱਚਾ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਾਪਤ ਕਰ ਸਕੇ।”
ਇਸ ਮੌਕੇ ਬਲਾਕ ਰਿਸੋਰਸ ਕੁਆਰਡੀਨੇਟਰ ਮਨਜੀਤ ਸਿੰਘ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਬਣਤਰ, ਉਦੇਸ਼ ਅਤੇ ਰੋਜ਼ਾਨਾ ਦੇ ਕੰਮਕਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਐਸ.ਐਮ.ਸੀ. ਕਮੇਟੀਆਂ ਦਾ ਮੁੱਖ ਮਕਸਦ ਸਕੂਲ ਦੀ ਗੁਣਵੱਤਾ, ਹਾਜ਼ਰੀ, ਸਫਾਈ, ਅਤੇ ਬੱਚਿਆਂ ਦੀ ਪ੍ਰਗਤੀ 'ਤੇ ਨਿਗਰਾਨੀ ਰੱਖਣਾ ਹੈ।
ਟ੍ਰੇਨਿੰਗ ਦੇ ਅੰਤ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਰਜਨੀ ਬਾਲਾ ਨੇ ਆਪਣੀ ਰਾਏ ਸਾਂਝੀ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਬੱਚਿਆਂ ਦੀ ਸਿੱਖਿਆ ਲਈ ਸਮਰਪਿਤ ਹਨ ਅਤੇ ਉਹ ਬਹੁਤ ਹੀ ਵਧੀਆ ਢੰਗ ਨਾਲ ਪੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਟ੍ਰੇਨਿੰਗ ਕਮੇਟੀ ਮੈਂਬਰਾਂ ਨੂੰ ਸਕੂਲ ਪ੍ਰਬੰਧ ਵਿੱਚ ਹੋਰ ਬਿਹਤਰੀ ਲਈ ਪ੍ਰੇਰਿਤ ਕਰੇਗੀ।
ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਸੈਣੀ, ਪ੍ਰਿੰਸੀਪਲ ਰਮਨ ਸ਼ਰਮਾ (ਮਰਾੜਾ), ਸਿੱਖਿਆ ਸ਼ਾਸਤਰੀ ਸੁਖਦੇਵ ਰਾਜ, ਸੰਸਾਰ ਸਿੰਘ, ਰਾਜੇਸ਼ ਕੁਮਾਰ, ਜੁਗਲ ਕਿਸ਼ੋਰ, ਧਰਮਿੰਦਰ ਸਿੰਘ (ਸਰਪੰਚ ਪਿੰਡ ਝਬਕਰਾ), ਸੈਂਟਰ ਹੈਡ ਟੀਚਰ ਮਦਨ ਗੋਪਾਲ, ਸੋਨੂ ਕੁਮਾਰ, ਜਗੋਚਕ ਟਾਂਡਾ ਦੇ ਇੰਚਾਰਜ ਅਜੀਬ ਸਿੰਘ, ਹੈਡ ਟੀਚਰ ਰਜਨੀ ਪ੍ਰਕਾਸ਼ ਸਿੰਘ (ਝਬਕਰਾ), ਬਲਵਿੰਦਰ ਕੁਮਾਰ, ਕਮਲਦੀਪ ਸਿੰਘ ਜੋਗਰ ਅਤੇ ਮੀਨਾ ਦੇਵੀ (ਦੋਦਵਾਂ) ਸਮੇਤ ਕਈ ਅਧਿਆਪਕ ਅਤੇ ਕਮੇਟੀ ਮੈਂਬਰ ਮੌਜੂਦ ਸਨ।
ਟ੍ਰੇਨਿੰਗ ਦੌਰਾਨ ਸਿੱਖਿਆ ਨਾਲ ਜੁੜੇ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਹੋਈ ਅਤੇ ਕਮੇਟੀ ਮੈਂਬਰਾਂ ਨੇ ਵਚਨ ਦਿੱਤਾ ਕਿ ਉਹ ਸਕੂਲਾਂ ਦੀ ਤਰੱਕੀ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨਗੇ। ਇਹ ਤੀਜਾ ਦਿਨ ਸੈਂਟਰ ਮਰਾੜਾ ਲਈ ਪ੍ਰੇਰਣਾਦਾਇਕ ਅਤੇ ਸਿੱਖਣਯੋਗ ਸਾਬਤ ਹੋਇਆ।

37
1224 views