logo

ਪੰਜਾਬੀ ਸਾਹਿਤ ਜਗਤ ਦੇ ਮਕਬੂਲ ਕਵੀ, ਲਾਲਾ ਧਨੀ ਰਾਮ ਚਾਤ੍ਰਿਕ

4 ਅਕਤੂਬਰ 1876 ਵਾਲੇ ਦਿਨ ਪੰਜਾਬੀ ਸਾਹਿਤ ਜਗਤ ਦੇ ਮਕਬੂਲ ਕਵੀ, ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ ਹੋਇਆ:
ਗੁਰਦੀਪ ਸਿੰਘ ਜਗਬੀਰ (ਡਾ.)
4 ਅਕਤੂਬਰ 1876 ਵਾਲੇ ਦਿਨ ਪੰਜਾਬੀ ਸਾਹਿਤ ਜਗਤ ਦੇ ਮਕਬੂਲ ਕਵੀ,ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ ਪਿੰਡ ਪੱਸੀਆਂਵਾਲਾ, ਜ਼ਿਲਾ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆ। ਬਾਅਦ ਵਿੱਚ ਆਪ ਜੀ ਦਾ ਪਰਿਵਾਰ ਲੋਪੋਕੇ, ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਆ ਗਿਆ। ਘਰ ਵਿੱਚ ਕਾਫੀ ਆਰਥਿਕ ਤੰਗੀ ਦੇ ਕਾਰਨ ਆਪ ਦੀ ਸਿੱਖਿਆ ਮੁੱਢਲੇ ਪੈਮਾਨੇ ਤੱਕ ਹੀ ਸੀਮਤ ਹੋਕੇ ਰਹਿ ਗਈ। ਆਰਥਿਕ ਤੰਗੀ ਦੇ ਕਾਰਣ, ਆਪ ਨੇ 17 ਸਾਲ ਦੀ ਉਮਰ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਤੇ ਨੌਕਰੀ ਕਰ ਲਈ।ਇਸ ਨੂੰ ਇਤਫ਼ਾਕ ਕਿਹਾ ਜਾਵੇ ਗਾ ਜਾਂ ਲਾਲਾ ਧਨੀ ਰਾਮ ਚਾਤ੍ਰਿਕ ਦੀ ਖੁਸ਼ ਕਿਸਮਤੀ ਕੇ ਉਹ ਪ੍ਰੈਸ ਭਾਈ ਵੀਰ ਸਿੰਘ ਜੀ ਦੀ ਸੀ ਜਿਸਦਾ ਨਾਂ 'ਵਜ਼ੀਰ ਹਿੰਦ ਪ੍ਰੈੱਸ' ਸੀ।ਇਥੇ ਹੀ ਕੰਮ ਕਰਨ ਦੇ ਦੌਰਾਨ ਆਪ ਨੂੰ ਕਵਿਤਾ ਲਿਖਣ ਦੀ ਜਾਗ ਲੱਗੀ ਅਤੇ ਆਪ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ।
1926 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਪੰਜਾਬੀ ਸਭਾ ਦੀ ਸਥਾਪਨਾ ਹੋਈ।ਉਦੋਂ ਤੱਕ ਲਾਲਾ ਧਨੀ ਰਾਮ ਚਾਤ੍ਰਿਕ ਦੀ ਪੰਜਾਬੀ ਸਾਹਿਤ ਜਗਤ ਵਿੱਚ ਪਛਾਣ ਬਣ ਚੁੱਕੀ ਸੀ।ਲਾਲਾ ਧਨੀ ਰਾਮ ਚਾਤ੍ਰਿਕ ਨੂੰ ਪੰਜਾਬੀ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਸਭਾ ਵਿੱਚ ਸਰਦਾਰ ਚਰਨ ਸਿੰਘ, ਜਨਾਬ ਮੌਲਾ ਬਖਸ਼ ਕੁਸ਼ਤਾ, ਸਰਦਾਰ ਹੀਰਾ ਸਿੰਘ ਦਰਦ, ਪ੍ਰਿੰਸੀਪਲ ਤੇਜਾ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਸ੍ਰੀ ਵਿਧਾਤਾ ਸਿੰਘ ਤੀਰ, ਸ੍ਰੀ ਲਾਲਾ ਕਿਰਪਾ ਸਾਗਰ, ਜਨਾਬ ਫਜ਼ਲਦੀਨ ਅਤੇ ਉਸਤਾਦ ਹਮਦਮ ਜੀ ਵਰਗੇ ਉੱਘੇ ਸਾਹਿਤਕਾਰ ਸ਼ਾਮਿਲ ਸਨ।ਆਪ ਜੀ ਦੀਆਂ ਰਚਨਾਵਾਂ ,ਭਰਤਰਹਰੀ ,ਨਲ ਦਮਯੰਤੀ, ਫੁੱਲਾਂ ਦੀ ਟੋਕਰੀ ਧਰਮਵੀਰ ,ਚੰਦਨਵਾੜੀ ,ਕੇਸਰ ਕਿਆਰੀ,ਨਵਾਂ ਜਹਾਨ, ਸੂਫੀਖਾਨਾ ਅਤੇ ਨੂਰਜਹਾਂ ਬਾਦਸ਼ਾਹ ਬੇਗਮ ਆਦਿ ਪੰਜਾਬੀ ਸਾਹਿਤਕ ਖ਼ੇਤਰ ਵਿੱਚ ਕਾਫੀ ਮਕਬੂਲ ਹੋਏ।
ਆਪ ਦੀਆਂ ਕਵਿਤਾਵਾਂ ਵਿੱਚ ਸੂਫ਼ੀਵਾਦ ਦੀ ਝੱਲਕ ਸੀ ਅਤੇ ਧਾਰਮਿਕ ਖੇਤਰ ਵਾਲੀ ਸੈਕੂਲਰ ਸਾਂਤੀ ਦੀ ਵੀ ਝਲਕ ਸੀ ਅਤੇ ਹਲਕੇ ਫੁਲਕੇ ਗੀਤਾਂ ਵਿੱਚ ਨਿੱਜੀ ਪ੍ਰੇਮ ਦਾ ਇਜ਼ਹਾਰ ਵੀ ਸੀ। ਆਪ ਦੇ ਕਾਵਿ ਵਿਸ਼ਿਆਂ ਵਿੱਚ ਸਮਾਜਿਕ ਸੁਧਾਰ,ਦੇਸ਼ ਪਿਆਰ ਦੇ ਇਜ਼ਹਾਰ ਦੇ ਲਈ ਛੰਦਾਂ ਦੇ ਵਿੱਚ ਬਹੁਵਿਧਤਾ,ਖਾਸ ਤੌਰ 'ਤੇ ਬੈਂਤ, ਦੋਹਰਾ, ਕੋਰੜਾ ਆਦਿ ਉਹਨਾਂ ਦੀਆਂ ਕਾਵਿ ਵਿਧੀ ਦੀਆਂ ਵਿਸ਼ੇਸ਼ ਵਿਸ਼ੇਸ਼ਤਾਵਾਂ ਹਨ।ਇੰਜ ਮੁਹਾਵਰੇਦਾਰ ਠੇਠ ਪੰਜਾਬੀ ਵੀ ਉਹਨਾਂ ਦੀ ਅੱਡਰੀ ਪਛਾਣ ਹੈ। ਜਿਵੇਂ:
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਧੰਦਾ ਸਾਂਭਣੇ ਨੂੰ ਚੂੜਾ ਛੱਡ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਆਪ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਹੋਣ ਦਾ ਹੱਕ ਰੂਪੀ ਮਾਣ ਹਾਸਲ ਹੈ।
18 ਦਸੰਬਰ 1954 ਵਾਲੇ ਦਿਨ 78 ਸਾਲ ਦੀ ਉਮਰ ਭੋਗ ਕੇ ਆਪ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।

0
315 views