logo

ਅਕਾਲ ਯੂਨੀਵਰਸਿਟੀ ਵੱਲੋਂ "ਬੌਧਿਕ ਸੰਪਤੀ ਅਧਿਕਾਰ ਜਾਗਰੂਕਤਾ ਸਿਰਜਣਾ ਤੋਂ ਸੁਰੱਖਿਆ ਤੱਕ" ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਦਾ ਸਫਲ ਆਯੋਜਨ

ਤਲਵੰਡੀ ਸਾਬੋ, 17 ਨਵੰਬਰ (ਗੁਰਜੰਟ ਸਿੰਘ ਨਥੇਹਾ)- ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਰਿਸਰਚ ਐਂਡ ਡਿਵੈਲਪਮੈਂਟ ਸੈਲ ਵੱਲੋਂ "ਬੌਧਿਕ ਸੰਪਤੀ ਅਧਿਕਾਰ ਜਾਗਰੂਕਤਾ: ਸਿਰਜਣਾ ਤੋਂ ਸੁਰੱਖਿਆ ਤੱਕ" ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਰਿਸਰਚ ਸਕਾਲਰਾਂ ਅਤੇ ਫੈਕਲਟੀ ਮੈਂਬਰਾਂ ਵਿੱਚ ਬੌਧਿਕ ਸੰਪਦਾ ਸੰਬੰਧੀ ਹੱਕਾਂ ਬਾਰੇ ਜਾਗਰੂਕਤਾ ਫੈਲਾਉਣਾ, ਪੇਟੈਂਟ ਫਾਇਲਿੰਗ, ਕਾਪੀਰਾਈਟ ਰਜਿਸਟ੍ਰੇਸ਼ਨ ਅਤੇ ਰਿਸਰਚ ਦੇ ਵਪਾਰ ਸੰਬੰਧੀ ਵਿਵਹਾਰਕ ਗਿਆਨ ਪ੍ਰਦਾਨ ਕਰਨਾ ਸੀ। ਦੋ ਦਿਨ ਚੱਲੇ ਇਸ ਸਮਾਗਮ ਵਿੱਚ 632 ਤੋਂ ਵੱਧ ਭਾਗੀਦਾਰਾਂ ਨੇ ਸ਼ਿਰਕਤ ਕੀਤੀ। ਇਹ ਵਰਕਸ਼ਾਪ ਆਈਪੀਐਮਸੀਸੀ, ਆਰਡੀਸੀ ਅਤੇ ਪੇਟੈਂਟ ਇਨਫਾਰਮੇਸ਼ਨ ਸੈਂਟਰ ਵੱਲੋਂ ਵਿਗਿਆਨ ਤੇ ਤਕਨੀਕੀ ਵਿਭਾਗ, ਭਾਰਤ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।ਵਰਕਸ਼ਾਪ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਮਾਨਯੋਗ ਵਾਈਸ-ਚਾਂਸਲਰ ਪ੍ਰੋ. ਗੁਰਮੇਲ ਸਿੰਘ ਜੀ ਦੇ ਉਦਘਾਟਨੀ ਸੰਬੋਧਨ ਨਾਲ ਹੋਈ, ਉਨ੍ਹਾਂ ਨੇ ਬੌਧਿਕ ਸੰਪਦਾ ਦੀ ਸੁਰੱਖਿਆ ਅਤੇ ਰਿਸਰਚ ਇਨਟੀਗ੍ਰਿਟੀ ਲਈ ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ ’ਤੇ ਵਿਸਤ੍ਰਿਤ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਡਾ. ਦਪਿੰਦਰ ਕੌਰ ਬਖ਼ਸ਼ੀ ਨੇ ਮੰਚ ਤੋਂ ਬੋਲਦਿਆਂ ਖੋਜਾਂ ਦੀ ਸੁਰੱਖਿਆ ਅਤੇ ਸੰਬੰਧਿਤ ਨਿਯਮਾਂ ਤੇ ਅਧਿਕਾਰਾਂ ਨੂੰ ਮਜ਼ਬੂਤ ਕਰਨ ਲਈ ਆਈਪੀਆਰ ਦੇ ਵਧਦੇ ਮਹੱਤਵ ਬਾਰੇ ਚਰਚਾ ਕੀਤੀ। ਪਹਿਲੇ ਦਿਨ ਦੇ ਤਕਨੀਕੀ ਸੈਸ਼ਨਾਂ ਦੀ ਸ਼ੁਰੂਆਤ ਮਿਸ ਦਿਵਿਆ ਕੌਸ਼ਿਕ ਵੱਲੋਂ "ਆਈਪੀ ਸੁਰੱਖਿਆ ਅਤੇ ਮੁਦਰੀਕਰਨ" ਵਿਸ਼ੇ ’ਤੇ ਲੈਕਚਰ ਨਾਲ ਹੋਈ, ਜਿਸ ਵਿੱਚ ਉਨ੍ਹਾਂ ਨੇ ਬੌਧਿਕ ਸੰਪਦਾ ਦੇ ਵੱਖ-ਵੱਖ ਰੂਪਾਂ, ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਆਰਥਿਕ ਲਾਭਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸੇ ਦੌਰਾਨ ਡਾ. ਵਿਮਲ ਕੂਮਾਰ ਵਰੁਣ ਨੇ ਪੇਟੈਂਟ ਜਾਣਕਾਰੀ, ਅੰਤਰ-ਰਾਸ਼ਟਰੀ ਪੇਟੈਂਟ ਵਰਗੀਕਰਨ, ਖੋਜ ਰਣਨੀਤੀਆਂ ਅਤੇ ਡਾਟਾਬੇਸ ਦੀ ਵਰਤੋਂ ਬਾਰੇ ਵਿਵਹਾਰਕ ਸਿਖਲਾਈ ਮੁਹੱਈਆ ਕਰਵਾਈ। ਪਹਿਲੇ ਦਿਨ ਦੀਆਂ ਗਤੀਵਿਧੀਆਂ ਦੇ ਅੰਤ ਵਿੱਚ ਪੀ.ਐਸ.ਸੀ.ਐਸ.ਟੀ ਦੀ ਟੀਮ ਵੱਲੋਂ "ਆਈਪੀ ਕਲੀਨਿਕ" ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਗੀਦਾਰਾਂ ਨੇ ਆਪਣੇ ਨਵੇਂ ਵਿਚਾਰਾਂ ਤੇ ਪ੍ਰਾਜੈਕਟਾਂ ਬਾਰੇ ਵਿਸ਼ਾ ਮਾਹਰਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਪੇਟੈਂਟ ਫਾਇਲਿੰਗ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੂਜੇ ਦਿਨ ਦੀ ਸ਼ੁਰੂਆਤ ਡਾ. ਪ੍ਰੀਤੀ ਖੇਤਰਪਾਲ (ਸੈਂਟਰਲ ਯੂਨੀਵਰਸਿਟੀ, ਬਠਿੰਡਾ) ਦੇ ਲੈਕਚਰ ਨਾਲ ਹੋਈ, ਉਨ੍ਹਾਂ ਨੇ ਯੂਨੀਵਰਸਿਟੀ ਪੱਧਰ ’ਤੇ ਮਜ਼ਬੂਤ ਆਈਪੀ ਇਕੋਸਿਸਟਮ ਦੇ ਨਿਰਮਾਣ, ਪ੍ਰਭਾਵਸ਼ਾਲੀ ਆਈਪੀ ਨੀਤੀ ਦੀ ਲੋੜ ਅਤੇ ਰਿਸਰਚ ਨੂੰ ਸਫ਼ਲ ਟ੍ਰਾਂਸਲੇਸ਼ਨ ਤੱਕ ਲੈ ਜਾਣ ਦੇ ਤਰੀਕਿਆਂ ’ਤੇ ਵਿਸਤ੍ਰਿਤ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਡਾ. ਨਿਰੰਜਨ ਯੇਓਲੇ ਪੁਣੇ ਨੇ “ਪੇਟੈਂਟਯੋਗਤਾ ਦੇ ਤੱਤ ਅਤੇ ਪੇਟੈਂਟ ਖੋਜਾਂ ਦੀਆਂ ਮੂਲ ਗੱਲਾਂ”ਬਾਰੇ ਤਕਨੀਕੀ ਜਾਣਕਾਰੀ ਦਿੱਤੀ, ਜਿਸ ਵਿੱਚ ਉਨ੍ਹਾਂ ਨੇ ਪੇਟੈਂਟ ਯੋਗਤਾ, ਜਾਂਚ ਅਤੇ ਡਰਾਫਟਿੰਗ ਦੇ ਅਹਿਮ ਪੱਖਾਂ ਨੂੰ ਪੇਸ਼ ਕੀਤਾ। ਦੁਪਹਿਰ ਸਮੇਂ ਆਈਓਸੀਐਲ ਖੋਜ ਅਤੇ ਵਿਕਾਸ ਕੇਂਦਰ, ਫਰੀਦਾਬਾਦ ਤੋਂ ਡਾ. ਰਵੀ ਸਾਹਾਈ ਨੇ ਉਦਯੋਗ ਜਗਤ ਵਿੱਚ ਬੌਧਿਕ ਸੰਪਦਾ ਸੰਬੰਧੀ ਹੱਕਾਂ ਦੀ ਸਿੱਧੀ ਭੂਮਿਕਾ ਅਤੇ ਉਦਯੋਗਿਕ ਸੰਬੰਧ ਮਜ਼ਬੂਤ ਕਰਨ ’ਚ ਆਈ.ਪੀ.ਆਰ ਦੀ ਮਹੱਤਤਾ ਬਾਰੇ ਪ੍ਰੇਰਣਾਤਮਕ ਚਰਚਾ ਕੀਤੀ। ਦੋ ਦਿਨਾਂ ਦੌਰਾਨ ਰੰਗੋਲੀ, ਪੋਸਟਰ ਅਤੇ ਔਰਲ ਪ੍ਰਜ਼ੇਂਟੇਸ਼ਨ ਮੁਕਾਬਲਿਆਂ ਦਾ ਵੀ ਆਯੋਜਨ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੇ ਬੌਧਿਕ ਸੰਪਦਾ ਸੰਬੰਧੀ ਵਿਸ਼ਿਆਂ ਨੂੰ ਸਿਰਜਣਾਤਮਕ ਢੰਗ ਨਾਲ ਪੇਸ਼ ਕੀਤਾ। ਅੰਤ ਵਿੱਚ ਸਮਾਪਨ ਸਮਾਰੋਹ ਦੌਰਾਨ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਆਏ ਵਿਦਵਾਨਾਂ ਨੇ ਅਕਾਲ ਯੂਨੀਵਰਸਿਟੀ ਵੱਲੋਂ ਆਈ.ਪੀ.ਆਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਵਰਕਸ਼ਾਪ ਕਾਰਨ ਭਾਗੀਦਾਰਾਂ ਨੂੰ ਪੇਟੈਂਟ ਖੋਜ, ਫਾਇਲਿੰਗ, ਵਪਾਰੀਕਰਨ ਅਤੇ ਰਿਸਰਚ ਸੁਰੱਖਿਆ ਦੇ ਕਾਨੂੰਨੀ ਪਹਿਲੂਆਂ ਬਾਰੇ ਡੂੰਘੀ ਸਮਝ ਪ੍ਰਾਪਤ ਹੋਈ। ਸਮਾਗਮ ਨੇ ਯੂਨੀਵਰਸਿਟੀ ਵਿੱਚ ਰਿਸਰਚ ਸੰਬੰਧੀ ਅੰਤਰ-ਅਨੁਸ਼ਾਸਨੀ ਸਹਿਯੋਗ ਅਤੇ ਬੌਧਿਕ ਸੰਪਦਾ ਦੀ ਸੁਰੱਖਿਆ ਪ੍ਰਤੀ ਰੁਝਾਨ ਨੂੰ ਮਜ਼ਬੂਤ ਕੀਤਾ, ਜਿਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਆਪਣੇ ਰਿਸਰਚ ਉਤਪਾਦਾਂ ਦੀ ਕਾਨੂੰਨੀ ਸੁਰੱਖਿਆ ਅਤੇ ਮੋਨੀਟਾਈਜ਼ੇਸ਼ਨ ਪ੍ਰਤੀ ਜਾਣਕਾਰੀਆਂ ਵਿਚ ਵਾਧਾ ਹੋਇਆ।

5
475 views