logo

PSPCL ਦੀ ਭਰਤੀ 'ਚ ਤਾਇਨਾਤੀਆਂ ਬਦਲਣ ਤੇ ਰੋਸ, ਮਹਿਕਮਾ ਫੈਸਲੇ ਤੇ ਪੁਨਰ ਵਿਚਾਰ ਕਰੇ- ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ

ਮਾਨਸਾ (26 ਨਵੰਬਰ 25)-
ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ (ਰਜਿ. 140) ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਦੀ 2024 ਦੀ ਅਸਿਸਟੈਂਟ ਲਾਈਨਮੈਂਨ ਭਰਤੀ ਦੌਰਾਨ ਪੰਜਾਬੀ ਨੌਜਵਾਨਾਂ ਨਾਲ ਹੋ ਰਹੇ ਸਰੇਆਮ ਧੱਕੇ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ।

ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂੰ , ਜਨਰਲ ਸਕੱਤਰ ਜਗਸੀਰ ਸਿੰਘ ਜੱਗੀ ਅਤੇ ਆਗੂ ਗੋਰਾ ਸਿੰਘ ਮਾਨਸਾ ਨੇ ਕਿਹਾ ਕਿ PSPCL ਦੀ 2024 ਦੀ ਭਰਤੀ ਵਿੱਚ ਚੁਣੇ ਗਏ ਕੁੱਲ ਉਮੀਦਵਾਰਾਂ ਵਿੱਚੋਂ ਲਗਭਗ 142 ਉਮੀਦਵਾਰ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹਨ। ਮਹਿਕਮੇ ਵੱਲੋਂ ਇਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਉਨ੍ਹਾਂ ਦੇ ਨੇੜਲੇ ਲੋਕਲ ਸਟੇਸ਼ਨਾਂ ‘ਤੇ ਅਲਾਟਮੈਂਟ ਦਿੱਤੀ ਗਈ ਸੀ ਅਤੇ 28 ਨਵੰਬਰ 2025 ਨੂੰ ਜੋਇਨਿੰਗ ਦੀ ਤਾਰੀਖ ਤੈਅ ਕੀਤੀ ਗਈ ਸੀ, ਪਰ ਹੈਰਾਨੀਜਨਕ ਅਤੇ ਨਿਆਂਹੀਣ ਫੈਸਲੇ ਤਹਿਤ 24 ਨਵੰਬਰ 2025 ਨੂੰ ਜਾਰੀ ਨਵੇਂ ਫੁਰਮਾਨ ਰਾਹੀਂ ਇਨ੍ਹਾਂ ਉਮੀਦਵਾਰਾਂ ਦੀ ਅਲਾਟਮੈਂਟ ਰੱਦ ਕਰਕੇ ਉਨ੍ਹਾਂ ਨੂੰ ਆਪਣੇ ਲੋਕਲ ਸਟੇਸ਼ਨਾਂ ਤੋਂ 200–250 ਕਿਲੋਮੀਟਰ ਦੂਰ ਤਾਇਨਾਤ ਕੀਤਾ ਜਾ ਰਿਹਾ ਹੈ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਇਨ੍ਹਾਂ ਪੰਜਾਬੀ ਉਮੀਦਵਾਰਾਂ ਦੀ ਜਗ੍ਹਾ ਉਨ੍ਹਾਂ ਦੇ ਲੋਕਲ ਸਟੇਸ਼ਨਾਂ ‘ਤੇ ਹਰਿਆਣਾ ਰਾਜ ਦੇ ਉਮੀਦਵਾਰਾਂ ਨੂੰ ਰੱਖਿਆ ਜਾ ਰਿਹਾ ਹੈ।
ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਮੰਨਦੀ ਹੈ ਕਿ ਇਹ ਫੈਸਲਾ ਪੰਜਾਬੀ ਨੌਜਵਾਨਾਂ ਦੇ ਰੋਜ਼ਗਾਰ ਅਧਿਕਾਰਾਂ ਨਾਲ ਸਿੱਧੀ ਧੱਕੇਸ਼ਾਹੀ ਹੈ ਅਤੇ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨਾਲ ਭੇਦਭਾਵ ਹੈ। ਇੱਕ ਪਾਸੇ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀਆਂ ਗੱਲਾਂ ਕਰਦੀਆਂ ਹਨ, ਦੂਜੇ ਪਾਸੇ ਨਿਯੁਕਤੀ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਅਜਿਹੇ ਫੈਸਲਿਆਂ ਰਾਹੀਂ ਮਾਨਸਿਕ, ਆਰਥਿਕ ਅਤੇ ਪਰਿਵਾਰਕ ਤੰਗੀ ਵੱਲ ਧੱਕਿਆ ਜਾ ਰਿਹਾ ਹੈ। ਜਥੇਬੰਦੀ ਦੀ ਸਪੱਸ਼ਟ ਮੰਗ ਹੈ ਕਿ 24 ਨਵੰਬਰ 2025 ਨੂੰ ਜਾਰੀ ਕੀਤਾ ਗਿਆ ਇਹ ਫੁਰਮਾਨ ਤੁਰੰਤ ਰੱਦ ਕੀਤਾ ਜਾਵੇ। ਮਾਨਸਾ ਜ਼ਿਲ੍ਹੇ ਸਮੇਤ ਪੰਜਾਬ ਦੇ ਸਾਰੇ ਚੁਣੇ ਗਏ ਉਮੀਦਵਾਰਾਂ ਨੂੰ ਪਹਿਲਾਂ ਹੋਈ ਲੋਕਲ ਅਲਾਟਮੈਂਟ ਅਨੁਸਾਰ ਹੀ ਜੋਇਨਿੰਗ ਦਿੱਤੀ ਜਾਵੇ। ਪੰਜਾਬ ਦੇ ਸਟੇਸ਼ਨਾਂ ‘ਤੇ ਪਹਿਲਾ ਹੱਕ ਪੰਜਾਬ ਦੇ ਨੌਜਵਾਨਾਂ ਨੂੰ ਯਕੀਨੀ ਬਣਾਇਆ ਜਾਵੇ।

ਜੇਕਰ ਮਹਿਕਮੇ ਵੱਲੋਂ ਇਹ ਫੈਸਲਾ ਵਾਪਸ ਨਹੀਂ ਲਿਆ ਗਿਆ ਤਾਂ ਜਥੇਬੰਦੀ ਹੋਰਨਾਂ ਮੁਲਾਜ਼ਮ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨਾਲ ਰਲਕੇ ਮਜਬੂਰਨ ਸੰਘਰਸ਼ ਦਾ ਰਸਤਾ ਅਖਤਿਆਰ ਕਰੇਗੀ।

4
267 views