ਡਾਇਲ 112 ‘ਤੇ ਤੁਰੰਤ ਮਿਲੇਗੀ ਮਦਦ, ਹੁਸ਼ਿਆਰਪੁਰ ਪੁਲਿਸ ਨੂੰ ਮਿਲੀਆਂ 19 ਆਧੁਨਿਕ ਇਮਰਜੈਂਸੀ ਵਾਹਨ
ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਪੁਲਿਸ ਨੂੰ 19 ਆਧੁਨਿਕ ਇਮਰਜੈਂਸੀ ਰਿਸਪਾਂਸ ਵਾਹਨ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਵਾਹਨਾਂ ਵਿੱਚ ਮੋਬਾਈਲ ਡਾਟਾ ਟਰਮੀਨਲ, ਸਮਾਰਟਫੋਨ, ਡੈਸ਼ ਕੈਮਰਾ, ਵਾਇਰਲੈੱਸ ਸਿਸਟਮ ਅਤੇ ਜੀਪੀਐਸ ਟ੍ਰੈਕਰ ਵਰਗੀਆਂ ਨਵੀਂ ਤਕਨੀਕੀ ਸੁਵਿਧਾਵਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਹੋਵੇਗੀ।
ਇਸ ਤੋਂ ਪਹਿਲਾਂ ਸਰਕਾਰ ਸਾਰੇ ਥਾਣਿਆਂ ਲਈ ਨਵੀਆਂ ਗੱਡੀਆਂ ਦੇ ਚੁੱਕੀ ਹੈ ਅਤੇ ਸੀਨੀਅਰ ਅਧਿਕਾਰੀਆਂ ਲਈ ਵਾਹਨ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ। ਹੁਸ਼ਿਆਰਪੁਰ ਪੁਲਿਸ ਵੱਲੋਂ ਇਨ੍ਹਾਂ 19 ਵਾਹਨਾਂ ‘ਤੇ ਪੁਲਿਸ ਫੋਰਸ ਤੈਨਾਤ ਕਰਕੇ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ।
ਇਸ ਪਹਲ ਨਾਲ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਪੁਲਿਸ ਦਾ ਰਿਸਪਾਂਸ ਪਹਿਲਾਂ ਨਾਲੋਂ ਕਾਫੀ ਤੇਜ਼ ਅਤੇ ਪ੍ਰਭਾਵਸ਼ਾਲੀ ਹੋਣ ਦੀ ਉਮੀਦ ਹੈ। ਐਸਐਸਪੀ ਸੰਦੀਪ ਕੁਮਾਰ ਮਾਲਿਕ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਟੀਮਾਂ 24 ਘੰਟੇ ਤਿਆਰ ਰਹਿਣ ਅਤੇ ਹਰ ਡਾਇਲ 112 ਕਾਲ ‘ਤੇ ਤੁਰੰਤ ਕਾਰਵਾਈ ਕਰਕੇ ਲੋਕਾਂ ਨੂੰ ਫੌਰੀ ਮਦਦ ਮੁਹੱਈਆ ਕਰਵਾਈ ਜਾਵੇ।