logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਬਰਨਾਲਾ ਦੇ ਚੋਣ ਮੈਦਾਨ ਚ, ਦਰਾਣੀ, ਜੇਠਾਣੀ ਆਹਮੋ ਸਾਹਮਣੇ।

ਬਰਨਾਲਾ (ਬਲਵਿੰਦਰ ਸਿੰਘ): ਬਰਨਾਲਾ ਵਿਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਜਿੱਥੇ ਵੱਖ ਵੱਖ ਵਾਰਡਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦਰਮਿਆਨ ਪੂਰੀ ਸਖਤ ਟੱਕਰ ਦਿਖਾਈ ਦੇ ਰਹੀ ਹੈ ਉੱਥੇ ਹੀ ਇਨ੍ਹਾਂ ਚੋਣਾਂ ਵਿਚ ਇੱਕੋ ਪਰਿਵਾਰ ਦੀਆਂ ਦੋ ਨੂਹਾਂ ਵੱਖ-ਵੱਖ ਪਾਰਟੀਆਂ ਤੋਂ ਆਮੋ ਸਾਹਮਣੇ ਚੋਣ ਲੜ ਰਹੀਆਂ ਹਨ। ਵਾਰਡ ਨੰਬਰ 35 ਦੀ ਚੋਣ ਜੰਗ ਵਿਚ ਦਰਾਣੀ-ਜਠਾਣੀ ਆਹਮੋ-ਸਾਹਮਣੇ ਹਨ। ਇਨ੍ਹਾਂ ਵਿਚੋਂ ਇਕ ਔਰਤ ਕਾਂਗਰਸ ਪਾਰਟੀ ਅਤੇ ਦੂਜੀ ਭਾਜਪਾ ਤੋਂ ਚੋਣ ਲੜ ਰਹੀ ਹੈ। ਇਹਨਾਂ ਵਿਚ ਕਾਂਗਰਸ ਪਾਰਟੀ ਤੋਂ ਪੂਜਾ ਰਾਣੀ ਅਤੇ ਭਾਜਪਾ ਤੋਂ ਬੇਬੀ ਰਾਣੀ ਚੋਣ ਲੜ ਰਹੀ ਹੈ। ਦੋਹਾਂ ਦਾ ਕਹਿਣਾ ਹੈ ਕਿ ਸਿਆਸੀ ਮੁਕਾਬਲਾ ਆਪਣੀ ਥਾਂ, ਪਰ ਪਰਿਵਾਰਕ ਰਿਸ਼ਤਿਆਂ 'ਚ ਕੋਈ ਖਟਾਸ ਨਹੀਂ ਆਵੇਗੀ।
ਇਸ ਮੌਕੇ ਕਾਂਗਰਸ ਦੀ ਉਮੀਦਵਾਰ ਪੂਜਾ ਰਾਣੀ ਨੇ ਕਿਹਾ ਕਿ ਉਹ ਆਪਣੇ ਪਤੀ ਅਵਤਾਰ ਸਿੰਘ ਦੇ ਸਹਿਯੋਗ ਅਤੇ ਕਾਂਗਰਸ ਪਾਰਟੀ ਦੀ ਟਿਕਟ 'ਤੇ ਵਾਰਡ ਨੰਬਰ 35 ਤੋਂ ਚੋਣ ਲੜ ਰਹੇ ਹਨ। ਵਾਰਡ ਦੇ ਮੁੱਖ ਮੁੱਦਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗਲੀਆਂ-ਨਾਲੀਆਂ ਦੀ ਸਫ਼ਾਈ, ਸੀਵਰੇਜ ਦਾ ਪਾਣੀ ਅਤੇ ਵਧ ਰਿਹਾ ਨਸ਼ਾ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਬੰਦ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਸ਼ਹਿਰ ਵਿੱਚ ਬਹੁਤ ਵਿਕਾਸ ਕਾਰਜ ਹੋਏ ਸਨ, ਜਿਨ੍ਹਾਂ ਵਿੱਚ ਮਹਿਲ ਨਿਵਾਸ ਵਰਗੇ ਅਹਿਮ ਪ੍ਰੋਜੈਕਟ ਸ਼ਾਮਲ ਹਨ। ਪੂਜਾ ਰਾਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਅਗਲੀ ਸਰਕਾਰ (2027 ਵਿੱਚ) ਅਤੇ ਸ਼ਹਿਰ ਦਾ ਮੇਅਰ ਕਾਂਗਰਸ ਪਾਰਟੀ ਦਾ ਬਣਾਉਣ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ। ਆਪਣੀ ਜੇਠਾਣੀ/ਦਰਾਣੀ ਬੇਬੀ ਰਾਣੀ ਖ਼ਿਲਾਫ਼ ਚੋਣ ਲੜਨ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਆਪਸ ਵਿੱਚ ਕੋਈ ਗਿਲਾ-ਸ਼ਿਕਵਾ ਜਾਂ ਗੁੱਸਾ ਨਹੀਂ ਹੈ। ਉਹ ਇੱਕ ਪਰਿਵਾਰ ਵਾਂਗ ਰਹਿ ਰਹੇ ਹਨ, ਬੱਸ ਸਿਆਸੀ ਪਸੰਦ ਵੱਖਰੀ ਹੈ।

ਦੂਜੇ ਪਾਸੇ, ਭਾਜਪਾ ਉਮੀਦਵਾਰ ਬੇਬੀ ਰਾਣੀ ਨੇ ਕਿਹਾ ਕਿ ਉਹ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਾਰਡ ਨੰਬਰ 35 ਤੋਂ ਚੋਣ ਮੈਦਾਨ ਵਿਚ ਉਤਰੇ ਹਨ। ਉਨ੍ਹਾਂ ਕਿਹਾ ਕਿ ਚੋਣ ਮੁਹਿੰਮ ਦੌਰਾਨ ਜਦੋਂ ਉਹ ਲੋਕਾਂ ਦੇ ਘਰਾਂ ਵਿਚ ਗਏ ਤਾਂ ਦੇਖਿਆ ਕਿ ਗਰੀਬਾਂ ਦੇ ਕੱਚੇ ਘਰ ਢਹਿ ਰਹੇ ਹਨ ਅਤੇ ਫੰਡਾਂ ਦੀ ਕਮੀ ਕਾਰਨ ਕਈਆਂ ਦੇ ਘਰਾਂ ਦੀਆਂ ਛੱਤਾਂ ਦਾ ਕੰਮ ਅੱਧ ਵਿਚਾਲੇ ਲਟਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦਾ ਐੱਮ.ਸੀ. ਅਤੇ ਮੇਅਰ ਬਣਦਾ ਹੈ ਤਾਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਇਨ੍ਹਾਂ ਸਾਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਾਰਡ ਵਿੱਚ ਨਸ਼ਿਆਂ ਦੇ ਖ਼ਾਤਮੇ, ਗਲੀਆਂ ਦੀ ਸਫ਼ਾਈ, ਗਰੀਬ ਕੁੜੀਆਂ ਦੇ ਵਿਆਹ ਲਈ ਸ਼ਗਨ ਸਕੀਮ ਦਿਵਾਉਣ ਅਤੇ ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਰੁਜ਼ਗਾਰ ਦਫ਼ਤਰ ਖੋਲ੍ਹਣ ਵਰਗੇ ਵਾਅਦੇ ਵੀ ਉਨ੍ਹਾਂ ਕੀਤੇ। ਪਰਿਵਾਰਕ ਮੁਕਾਬਲੇ ਬਾਰੇ ਬੇਬੀ ਰਾਣੀ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਵਕੀਲ ਹਨ ਅਤੇ ਉਹ ਕਿਸੇ ਲਾਲਚ ਲਈ ਨਹੀਂ, ਸਗੋਂ ਸਿਰਫ਼ ਲੋਕ ਸੇਵਾ ਲਈ ਚੋਣ ਲੜ ਰਹੇ ਹਨ। ਉਨ੍ਹਾਂ ਦੀ ਦਰਾਣੀ/ਜੇਠਾਣੀ ਪੂਜਾ ਰਾਣੀ ਨਾਲ ਕੋਈ ਨਿੱਜੀ ਵਿਰੋਧਤਾਈ ਨਹੀਂ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਵੀ ਉਨ੍ਹਾਂ ਦੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ ਸੀ ਅਤੇ ਉਹ ਅੱਜ ਵੀ ਆਪਸ ਵਿਚ ਬਹੁਤ ਪਿਆਰ ਨਾਲ ਮਿਲਦੇ ਹਨ।

0
142 views

Comment